ਪੰਜਾਬ ਤੇ ਪੰਜਾਬੀਅਤ ਦੇ ਮੱਥੇ ’ਤੇ ਕਲੰਕ ਹੈ ‘ਟਾਰਗੇਟ ਕਿਲਿੰਗ’ : ਸੁਨੀਲ ਜਾਖੜ
ਪੰਜਾਬ ਅਤੇ ਪੰਜਾਬੀਅਤ ਦੇ ਮੱਥੇ ’ਤੇ ਕਲੰਕ ਹਨ ‘ਟਾਰਗੇਟ ਕਿਲਿੰਗਸ’ ; ਸੁਨੀਲ ਜਾਖੜ
Publish Date: Tue, 18 Nov 2025 09:33 PM (IST)
Updated Date: Tue, 18 Nov 2025 09:34 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬੀਅਤ ਦੀ ਨੀਂਹ ਹੈ, ਉਸ ਨੂੰ ਗਿਣੀ ਮਿਥੀ ਸਾਜ਼ਿਸ਼ ਤਹਿਤ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਅੰਦਰ ਹੋ ਰਹੀਆਂ ਟਾਰਗੇਟ ਕਿਲਿੰਗਸ ਇਕੱਲੇ ਪੁਲਿਸ ਜਾਂ ਸਰਕਾਰ ਦੇ ਮੱਥੇ ’ਤੇ ਹੀ ਨਹੀਂ ਸਗੋਂ ਪੰਜਾਬ ਤੇ ਪੰਜਾਬੀਅਤ ਦੇ ਮੱਥੇ ’ਤੇ ਕਲੰਕ ਹੈ। ਪੰਜਾਬ ਵਿਚ ਨਸ਼ਾ ਅਤੇ ਪਿਸਤੌਲ ਸ਼ਰੇਆਮ ਵਿੱਕ ਰਹੇ ਹਨ। ਹਰ ਦੂਜਾ ਨੌਜਵਾਨ ਹਥਿਆਰ ਚੁੱਕੀ ਫਿਰਦਾ ਹੈ। ਸੂਬੇ ਦਾ ਲਾਅ ਐਂਡ ਆਰਡਰ ਬੂਰੀ ਤਰਾਂ ਡਾਂਵਾਡੋਲ ਹੈ ,ਜਦਕਿ ਸੂਬੇ ਅੰਦਰ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਆਸਫਲ ਸਾਬਤ ਹੋਈ ਹੈ।’’ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਸਥਾਨਕ ਗਰੈਂਡ ਵਿਲਾ ਰਿਜ਼ੋਰਟ ਵਿਖੇ ਆਰਐਸਐਸ ਆਗੂ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੇ ਭੋਗ ਅਤੇ ਅੰਤਮ ਅਰਦਾਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ । ਸੁਨੀਲ ਜਾਖੜ ਨੇ ਕਿਹਾ ਕਿ ਇੱਕ ਪਾਸੇ ਗੈਂਗਸਟਰਾਂ ਵੱਲੋਂ ਲਗਾਤਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਹੁਣ ਰਾਜ ਦੀ ਭਾਈਚਾਰਕ ਸਾਂਝ ਨੂੰ ਖੇਰੂ-ਖੇਰੂ ਕਰਨ ਦੇ ਉਦੇਸ਼ ਨਾਲ ਆਰਐਸਐਸ ਆਗੂ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕੀਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਇਹ ਪੰਜਾਬੀਅਤ ਤੇ ਹਮਲਾ ਹੈ ਅਤੇ ਕੋਈ ਵੀ ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਅੱਜ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਜਿਨਾਂ ਨੇ ਧਰਮ ਨਿਰਪੱਖਤਾ ਲਈ ਆਪਣਾ ਬਲਿਦਾਨ ਦਿੱਤਾ ਸੀ ਤਾਂ ਅਜਿਹੇ ਸਮੇਂ ਇਸ ਤਰ੍ਹਾਂ ਦੇ ਮਿਥ ਕੇ ਕੀਤੇ ਗਏ ਕਤਲ ਪੰਜਾਬ ਅਤੇ ਪੰਜਾਬੀਅਤ ਦੇ ਮੱਥੇ ਤੇ ਕਲੰਕ ਬਣ ਰਹੇ ਹਨ। ਪਰ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਅਸਫਲ ਸਿੱਧ ਹੋ ਰਹੀ ਹੈ ਅਤੇ ਹਾਲੇ ਤੱਕ ਵੀ ਸਰਕਾਰ ਵੱਲੋਂ ਇਸ ਸਬੰਧੀ ਕੋਈ ਅਧਿਕਾਰਿਤ ਪ੍ਰਤੀਕਰਿਆ ਨਹੀਂ ਆਈ ਹੈ। ਉਹਨਾਂ ਕਿਹਾ ਕਿ ਇਹ ਬੇਹਦ ਚਿੰਤਾਜਨਕ ਹੈ ਅਤੇ ਇਸ ਗੰਭੀਰ ਮਸਲੇ ਤੇ ਸਰਕਾਰ ਦੀ ਚੁੱਪੀ ਹੋਰ ਵੀ ਚਿੰਤਾ ਪੈਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਹੋਵੇ ਅਤੇ ਜੋ ਲੋਕ ਰਾਜ ਵਿੱਚ ਜਹਿਰ ਤੇ ਬੀਜ ਬੀਜ ਰਹੇ ਹਨ ਉਹਨਾਂ ਨੂੰ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਸੁਨੀਲ ਜਾਖੜ ਨੇ ਇਸ ਮੌਕੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 6 ਨਵੰਬਰ ਨੂੰ ਤਰਨ ਤਾਰਨ ਵਿਖੇ ਦਿੱਤੇ ਉਹਨਾਂ ਦੇ ਉਸ ਬਿਆਨ ਨੂੰ ਮੁੜ ਯਾਦ ਕਰਾਇਆ ਜਿਸ ਵਿੱਚ ਸ੍ਰੀ ਕੇਜਰੀਵਾਲ ਨੇ ਸੱਤ ਦਿਨਾਂ ਵਿੱਚ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਡਰ ਦੇ ਮਾਹੌਲ ਵਿੱਚ ਜਿਉਣ ਲਈ ਮਜਬੂਰ ਹੋ ਰਹੇ ਹਨ। ਸਮੂਹ ਪੰਜਾਬੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਸੁਨੀਲ ਜਾਖੜ ਨੇ ਆਖਿਆ ਕਿ ਨਵੀਨ ਅਰੋੜਾ ਦੀ ਹੱਤਿਆ ਦਾ ਤਰੀਕਾ ਵੀ ਪਿਛਲੀਆਂ ਹੱਤਿਆਵਾਂ ਨਾਲ ਮੇਲ ਖਾਂਦਾ ਹੈ। ਉਨ੍ਹਾਂ ਨੇ ਉਦਾਹਰਣਾਂ ਦਿੰਦਿਆਂ ਆਖਿਆ ਕਿ ਸਭ ਤੋਂ ਪਹਿਲਾਂ ਆਰ.ਐੱਸ.ਐੱਸ. ਆਗੂ ਜਗਦੀਸ਼ ਗਗਨੇਜਾ, ਫਿਰ ਵਿਕਾਸ ਬੱਗਾ ਤੇ ਹੁਣ ਨਵੀਨ ਅਰੋੜਾ। ਇਨ੍ਹਾਂ ਸਾਰੀਆਂ ਹੱਤਿਆਵਾਂ ਦਾ ਤਰੀਕਾ ਇੱਕੋ ਜਿਹਾ ਹੈ, ਜੋ ਸਪੱਸ਼ਟ ਤੌਰ ਤੇ ਪੰਜਾਬ ਦੇ ਭਾਈਚਾਰੇ ਨੂੰ ਖ਼ਰਾਬ ਕਰਨ ਦੀ ਇੱਕ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਾ ਬਣਾਈ ਰੱਖਣ ਤੇ ਭਾਈਚਾਰਕ ਸਾਂਝ ਤੋੜਨ ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਾ ਹੋਣ ਦੇਣ।