ਫ਼ਿਰੋਜ਼ਪੁਰ ਮੰਡਲ ’ਚ ਛੇਵੀਂ ਅੰਤਰ ਵਿਭਾਗੀ ਟੀ-20 ਲੀਗ ਟੂਰਨਾਮੈਂਟ ਕਰਵਾਇਆ
ਫ਼ਿਰੋਜ਼ਪੁਰ ਮੰਡਲ ਵਿਚ ਛੇਵੀਂ ਅੰਤਰ ਵਿਭਾਗੀ ਟੀ-20 ਲੀਗ ਟੂਰਨਾਮੈਂਟ ਦਾ ਸਫ਼ਲ ਆਯੋਜਨ
Publish Date: Mon, 01 Dec 2025 04:22 PM (IST)
Updated Date: Mon, 01 Dec 2025 04:23 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫ਼ਿਰੋਜ਼ਪੁਰ ਮੰਡਲ ਵਿਚ ਵੱਖ-ਵੱਖ ਵਿਭਾਗਾਂ ਦਰਮਿਆਨ 1 ਨਵੰਬਰ ਤੋਂ 30 ਨਵੰਬਰ 2025 ਦੇ ਵਿਚਕਾਰ ਇਕ ਕ੍ਰਿਕਟ ਟੂਰਨਾਮੈਂਟ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਡੀਜ਼ਲ ਸ਼ੈੱਡ ਲੁਧਿਆਣਾ ਨੇ ਮਕੈਨੀਕਲ ਨੂੰ ਹਰਾਇਆ, ਜਦਕਿ ਦੂਜੇ ਸੈਮੀਫਾਈਨਲ ਵਿਚ ਇੰਜੀਨੀਅਰਿੰਗ ਨੇ ਇਲੈਕਟ੍ਰਿਕ ਸ਼ੈੱਡ ਲੁਧਿਆਣਾ ਦੀ ਟੀਮ ਨੂੰ ਮਾਤ ਦਿੱਤੀ। 30 ਨਵੰਬਰ ਨੂੰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਇੰਜੀਨੀਅਰਿੰਗ ਦੇ ਕਪਤਾਨ ਰੋਹਿਤ ਵਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇੰਜੀਨੀਅਰਿੰਗ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ’ਤੇ 247 ਦੌੜਾਂ ਬਣਾਈਆਂ ਜਿਸ ਵਿੱਚ ਸਲਾਮੀ ਬੱਲੇਬਾਜ਼ ਸ੍ਰੀ ਰਵੀ ਨੇ 71 ਗੇਂਦਾਂ ’ਤੇ 145 ਦੌੜਾਂ ਬਣਾਈਆਂ। ਜਵਾਬ ਵਿਚ ਡੀਜ਼ਲ ਸ਼ੈੱਡ ਲੁਧਿਆਣਾ ਨੇ 7 ਵਿਕਟਾਂ ਦੇ ਨੁਕਸਾਨ ’ਤੇ ਸਿਰਫ਼ 214 ਦੌੜਾਂ ਹੀ ਬਣਾ ਸਕੀ ਅਤੇ 33 ਦੌੜਾਂ ਨਾਲ ਮੈਚ ਹਾਰ ਗਈ। ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ ਪਰ ਇੰਜੀਨੀਅਰਿੰਗ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕੱਪ ਆਪਣੇ ਨਾਂ ਕਰ ਲਿਆ। ਇਸ ਮੈਚ ਵਿਚ ਮੈਨ ਆਫ਼ ਦ ਮੈਚ ਦਾ ਪੁਰਸਕਾਰ ਰਵੀ ਨੂੰ ਦਿੱਤਾ ਗਿਆ ਜਦਕਿ ਟੂਰਨਾਮੈਂਟ ਵਿਚ ਬਿਹਤਰੀਨ ਆਲਰਾਊਂਡ ਪ੍ਰਦਰਸ਼ਨ ਮੈਨ ਆਫ਼ ਦ ਸੀਰੀਜ਼ ਲਵ ਮਲਹੋਤਰਾ, ਬੈਸਟ ਬਾਲਰ ਸੰਜੀਵ, ਬੈਸਟ ਬੱਲੇਬਾਜ਼ ਰਵੀ ਹਨ। ਮੈਚ ਦੇ ਸਮਾਪਨ ’ਤੇ ਪੁਰਸਕਾਰ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ, ਸੀਨੀਅਰ ਮੰਡਲ ਖੇਡ ਅਧਿਕਾਰੀ ਰਾਹੁਲ ਦੇਵ, ਸੀਨੀਅਰ ਮੰਡਲ ਸੁਰੱਖਿਆ ਕਮਿਸ਼ਨਰ ਰਿਸ਼ੀ ਪਾਂਡੇ, ਮੰਡਲ ਖੇਡ ਅਧਿਕਾਰੀ ਬਾਬਰ ਅਲੀ ਚਗਾਤਾ ਅਤੇ ਹੋਰ ਅਧਿਕਾਰੀ ਮੌਜ਼ੂਦ ਰਹੇ। ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਅਕਤੀਗਤ ਪੁਰਸਕਾਰ ਵੀ ਦਿੱਤੇ ਗਏ। ਮੰਡਲ ਰੇਲ ਪ੍ਰਬੰਧਕ ਨੇ ਜੇਤੂ ਟੀਮ ਅਤੇ ਉਪ ਜੇਤੂ ਟੀਮ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ। ਮੰਡਲ ਰੇਲ ਪ੍ਰਬੰਧਕ ਨੇ ਟੂਰਨਾਮੈਂਟ ਦੇ ਸਫ਼ਲ ਆਯੋਜਨ ’ਤੇ ਸੀਨੀਅਰ ਮੰਡਲ ਖੇਡ ਅਧਿਕਾਰੀ ਰਾਹੁਲ ਦੇਵ, ਮੰਡਲ ਖੇਡ ਅਧਿਕਾਰੀ ਬਾਬਰ ਅਲੀ ਚਗਾਤਾ ਅਤੇ ਖੇਡ ਸਕੱਤਰ ਸੁਨੀਲ ਕੁਮਾਰ ਸਮੇਤ ਹੋਰ ਸਪੋਰਟਿੰਗ ਸਟਾਫ਼ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਇਹ ਟੂਰਨਾਮੈਂਟ ਕਾਫ਼ੀ ਮਕਬੂਲ ਹੋਇਆ ਜਿਸ ਵਿੱਚ ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਸਮਾਪਨ ਬਿਹਤਰ ਖੇਡ ਭਾਵਨਾ ਦੇ ਪ੍ਰਦਰਸ਼ਨ ਨਾਲ ਹੋਇਆ।