ਚਿੱਠੀ ਵਾਇਰਲ ਹੋਣ ਮਗਰੋਂ ਅਧਿਆਪਕ ਮਾਨਸਿਕ ਤਣਾਅ ਹੇਠ ਆ ਗਏ ਹਨ ਅਤੇ ਉਨ੍ਹਾਂ ਨੂੰ ਆਪਣੇ ਹੀ ਜਾਣਕਾਰਾਂ ਅਤੇ ਪਰਿਵਾਰਕ ਮੈਂਬਰਾਂ ਅੱਗੇ ਸਫਾਈ ਦੇਣੀ ਪੈ ਰਹੀ ਹੈ। ਮੁਲਾਜ਼ਮ ਹੈਰਾਨ ਹਨ ਕਿ ‘ਸਿਵਲ ਅਧਿਕਾਰੀ’ ਐਸਡੀਐਮ ਦਾ ਆਖਰ ‘ਪਰਚਿਆਂ ’ ਨਾਲ ਅਜਿਹਾ ਕੀ ਪਿਆਰ ਹੈ ਜੋ ਬੇਵਜ਼੍ਹਾ ਵੀ ਕਰਵਾਏ ਜਾ ਰਹੇ ਹਨ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ , ਫਿਰੋਜ਼ਪੁਰ : ਲੋਕਤੰਤਰ ਦਾ ਮਹੱਤਵਪੂਰਨ ਹਿੱਸਾ ਮੰਨੀ ਜਾਂਦੀ ਚੋਣ ਡਿਊਟੀ , ਹੁਣ ਅਧਿਆਪਕਾਂ ਲਈ ਸਜ਼ਾ ਬਣਦੀ ਨਜ਼ਰ ਆ ਰਹੀ ਹੈ। ਚੋਣ ਡਿਊਟੀ ਦੌਰਾਨ ਬੀਤੇ ਦਿਨ ਰੋਟੀ-ਪਾਣੀ ਦੀ ਮੰਗ ਕਰਨ ਵਾਲੇ ਰਿਜ਼ਰਵ ਸਟਾਫ ’ਚ ਤਾਇਨਾਤ ਅਧਿਆਪਕਾਂ ਨੂੰ ਐੱਫਆਈਆਰ ਦਰਜ ਕਰਨ ਦੀਆਂ ਧਮਕੀਆਂ ਦੇਣ ਵਾਲੇ ਐਸਡੀਐਮ ਫਿਰੋਜ਼ਪੁਰ ਨੇ ਚੋਣਾਂ ਤੋਂ ਅਗਲੇ ਹੀ ਦਿਨ ਆਪਣੀ ਪਰਚੇ ਦਰਜ ਕਰਵਾਉਣ ਵਾਲੀ ਧਮਕੀ ਸੱਚ ਕਰ ਵਿਖਾਈ । ਪਰ ਇਸ ਵਾਰ ਪਰਚੇ ਉਨ੍ਹਾਂ ਅਧਿਆਪਕਾਂ ਦੇ ਖਿਲਾਫ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ,ਜਿੰਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ ਅਤੇ ਉਨ੍ਹਾਂ ਕੋਲ ਫ਼ਾਰਗੀ ਦੀਆਂ ਸਲਿੱਪਾਂ ਵੀ ਹਨ।
ਮਾਮਲਾ ਉਸ ਵੇਲੇ ਹੋਰ ਵੀ ਗੰਭੀਰ ਰੁੱਖ ਅ਼ਖ਼ਤਿਅਰ ਕਰ ਗਿਆ ਜਦੋਂ ਐਸਐਸਪੀ ਨੂੰ ਲਿਖੀ ਗਈ ਚਿੱਠੀ ਜਦੂਈ ਢੰਗ ਸੋਸ਼ਲ ਮੀਡੀਆ ਦੇ ਵੱਖ-ਵੱਖ ਪੇਜਾਂ ’ਤੇ ਵਾਇਰਲ ਕਰ ਦਿੱਤੀ ਗਈ। ਚਿੱਠੀ ਵਾਇਰਲ ਹੋਣ ਮਗਰੋਂ ਅਧਿਆਪਕ ਮਾਨਸਿਕ ਤਣਾਅ ਹੇਠ ਆ ਗਏ ਹਨ ਅਤੇ ਉਨ੍ਹਾਂ ਨੂੰ ਆਪਣੇ ਹੀ ਜਾਣਕਾਰਾਂ ਅਤੇ ਪਰਿਵਾਰਕ ਮੈਂਬਰਾਂ ਅੱਗੇ ਸਫਾਈ ਦੇਣੀ ਪੈ ਰਹੀ ਹੈ। ਮੁਲਾਜ਼ਮ ਹੈਰਾਨ ਹਨ ਕਿ ‘ਸਿਵਲ ਅਧਿਕਾਰੀ’ ਐਸਡੀਐਮ ਦਾ ਆਖਰ ‘ਪਰਚਿਆਂ ’ ਨਾਲ ਅਜਿਹਾ ਕੀ ਪਿਆਰ ਹੈ ਜੋ ਬੇਵਜ਼੍ਹਾ ਵੀ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਪੀੜਤ ਅਧਿਆਪਕਾਂ ਨੇ ਪੱਤਰਕਾਰਾਂ ਕੋਲ ਆ ਕੇ ਆਪਬੀਤੀ ਸੁਣਾਈ । ਭਾਵੁਕ ਹੋਏ ਇਕ ਉਮਰ ਦਰਾਜ਼ ਅਧਿਆਪਕ ਨੇ ਪੱਤਰਕਾਰਾਂ ਸਾਹਮਣੇ ਰੋ-ਰੋ ਕੇ ਆਪਣਾ ਦਰਦ ਬਿਆਨ ਕਰਦਿਆਂ ਆਖਿਆ ,‘‘ ਉਹ ਸਰਕਾਰੀ ਮੁਲਾਜ਼ਮ ਹਨ, ਕੋਈ ਅਪਰਾਧੀ ਨਹੀਂ, ਪਰ ਜਿਸ ਤਰੀਕੇ ਨਾਲ ਐੱਫਆਈਆਰ ਦੀਆਂ ਧਮਕੀਆਂ ਅਤੇ ਚਿੱਠੀਆਂ ਵਾਇਰਲ ਕੀਤੀਆਂ ਗਈਆਂ, ਉਸ ਨਾਲ ਉਨ੍ਹਾਂ ਨੂੰ ‘ਮੁਜਰਿਮਾਂ ਵਾਲਾ ਅਹਿਸਾਸ ਹੋ ਰਿਹਾ ਹੈ।
ਇਸ ਮੌਕੇ ਗੌਰਮਿੰਟ ਟੀਚਰਜ਼ ਯੁਨੀਅਨ ਦੇ ਆਗੂ ਸੁਖਜਿੰਦਰ ਸਿੰਘ ਖਾਨਪੁਰੀਆ ਨੇ ਆਖਿਆ ਕਿ ਐਸਡੀਐਮ ਸਾਬ ਦਾ ਰਵੱਈਆ ਅਧਿਆਪਕਾਂ ਪ੍ਰ਼ਤੀ ਵਧੀਆ ਨਹੀਂ ਹੈ । ਉਨ੍ਹਾਂ ਦੱਸਿਆ ਕਿ ਬੀਤੇ ਦਿਨ ਰਿਜ਼ਰਵ ਡਿਊਟੀ ਦੌਰਾਨ ਘੰਟਿਆਂ ਤੱਕ ਨਾ ਖਾਣ-ਪੀਣ ਦਾ ਕੋਈ ਪ੍ਰਬੰਧ ਕੀਤਾ ਗਿਆ ਅਤੇ ਨਾ ਹੀ ਅਮਲੇ ਦੀਆਂ ਮੁੱਢਲੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਗਿਆ। ਜਦੋਂ ਕੁਝ ਅਧਿਆਪਕਾਂ ਨੇ ਰੋਟੀ ਪਾਣੀ ਦੇ ਪ੍ਰਬੰਧਾਂ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਡਿਊਟੀ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਹੇਠ ਪਰਚੇ ਦਰਜ ਕਰਨ ਦੀ ਧਮਕੀ ਦਿੱਤੀ ਗਈ।
ਉੱਧਰ, ਗੋਰਮਿੰਟ ਟੀਚਰਜ਼ ਯੂਨੀਅਨ ਨੇ ਇਸ ਕਾਰਵਾਈ ਦੀ ਕੜੀ ਨਿੰਦਾ ਕਰਦਿਆਂ ਆਖਿਆ ਕਿ ਐਸਡੀਐਮ ਆਪਣੀ “ਈਗੋ” ਨੂੰ ਪੱਠੇ ਪਾਉਣ ਲਈ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।ਉਨ੍ਹਾਂ ਦੋਸ਼ ਲਗਾਇਆ ਕਿ ਆਪਣੇ ਤੋਂ ਵੱਡੀ ਉਮਰ ਦੇ ਅਧਿਆਪਕਾਂ ਨੂੰ ਵੀ ਤੂੰ ਤੜਾਕ ਕਰਕੇ ਬੋਲਦਾ ਹੈ ।ਚੋਣ ਪ੍ਰਬੰਧਾਂ ਵਿੱਚ ਵੀ ਕਾਫੀ ਖਾਮੀਆਂ ਸਨ।ਅਧਿਆਪਕਾਂ ਨੂੰ ਦੂਰ ਦੁਰਾਡੇ ਤੋਂ ਲੈ ਕੇ ਜਾਣ ਆਉਣ ਦੇ ਵੀ ਕੋਈ ਪ੍ਰਬੰਧ ਨਹੀਂ ਸਨ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਨੂੰ ਤੰਗ ਕਰਨਾ ਬੰਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਬਾਅਦ ’ਚ ਪਤਾ ਲੱਗਾ ਕਿ ਕੁੱਝ ਹਾਜ਼ਰ ਸਨ,ਕੁੱਝ ਡਬਲ ਡਿਊਟੀ ’ਤੇ ਸਨ
ਇਸ ਸਬੰਧੀ ਮੀਡੀਆ ਨੂੰ ਦਿੱਤੇ ਆਪਣੇ ਪੱਖ ਵਿੱਚ ਐਸਡੀਐਮ ਅਭੀਸ਼ੇਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਚੋਣਾਂ ਵਿਚ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖਿਲਾਫ ਐਸਐਸਪੀ ਨੂੰ ਪਰਚਾ ਦਰਜ ਕਰਨ ਲਈ ਲਿੱਖਿਆ ਹੈ। ਉਨ੍ਹਾਂ ਆਖਿਆ ਕਿ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਸਿਫਾਰਸ਼ ਕੀਤੇ ਲੋਕਾਂ ਵਿੱਚੋਂ ਕੁੱਝ ਅਧਿਆਪਕਾਂ ਨੇ ਆਪਣੀ ਡਿਊਟੀ ਕੀਤੀ ਹੈ ਅਤੇ ਕੁੱਝ ਅਧਿਆਪਕ ਡਬਲ ਡਿਉਟੀ ਵਾਲੇ ਸਨ ।ਇਸ ਤੋਂ ਇਲਾਵਾ ਕੁੱਝ ਮੈਟਰਨਿਟੀ ਲੀਵ ਵਾਲੇ ਅਧਿਆਪਕ ਸਨ।ਉਨ੍ਹਾਂ ਬਾਰੇ ਉਹ ਦੁਬਾਰਾ ਐਸਐਸਪੀ ਨੂੰ ਲਿੱਖ ਕੇ ਭੇਜ ਦੇਣਗੇ।