ਦੇਸ਼ ਦਾ ਭਵਿੱਖ ਬੱਚਿਆਂ ਦੀ ਸੁਰੱਖਿਆ ਤੇ ਸਿੱਖਿਆ ਸਾਂਝੀ ਜ਼ਿੰਮੇਵਾਰੀ : ਗਿੱਲ
ਸਹਾਰਾ ਕਲੱਬ ਨੇ ਪ੍ਰਾਇਮਰੀ ਸਕੂਲ ਦੇ 100 ਲੋੜਵੰਦ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ
Publish Date: Tue, 20 Jan 2026 05:20 PM (IST)
Updated Date: Tue, 20 Jan 2026 05:21 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਵਸਤੀ ਮਾਛੀਆਂ ਜ਼ੀਰਾ ਵਿਖੇ ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਅਤੇ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਪ੍ਰੇਮ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੌਰਾਨ 100 ਦੇ ਕਰੀਬ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਕੋਟੀਆਂ/ਸਵੈਟਰ ਵੰਡੀਆਂ ਗਈਆਂ। ਇਸ ਉਪਰਾਲੇ ਨਾਲ ਨਾ ਸਿਰਫ਼ ਬੱਚਿਆਂ ਨੂੰ ਠੰਡ ਤੋਂ ਰਾਹਤ ਮਿਲੀ, ਸਗੋਂ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਚਮਕ ਵੀ ਸਾਫ਼ ਨਜ਼ਰ ਆਈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਪ੍ਰੇਮ ਸਿੰਘ ਨੇ ਸਹਾਰਾ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਦੇ ਮਨੋਬਲ ਨੂੰ ਮਜ਼ਬੂਤ ਕਰਦੇ ਹਨ। ਜਦੋਂ ਸਮਾਜਿਕ ਸੰਸਥਾਵਾਂ ਅੱਗੇ ਆ ਕੇ ਬੱਚਿਆਂ ਦੀ ਸੰਭਾਲ ਕਰਦੀਆਂ ਹਨ ਤਾਂ ਇਹ ਸਮਾਜ ਲਈ ਇੱਕ ਮਿਸਾਲ ਬਣ ਜਾਂਦਾ ਹੈ। ਉਨ੍ਹਾਂ ਨੇ ਸਹਾਰਾ ਕਲੱਬ ਅਤੇ ਇਸ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉੱਥੇ ਹੀ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਹਾਰਾ ਕਲੱਬ ਹਮੇਸ਼ਾ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੀ ਸੇਵਾ ਲਈ ਸਮਰਪਿਤ ਰਹੀ ਹੈ। ਉਨ੍ਹਾਂ ਨੇ ਕਿਹਾ, ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਸਿੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਭਵਿੱਖ ਵਿਚ ਵੀ ਸਹਾਰਾ ਕਲੱਬ ਇਸ ਤਰ੍ਹਾਂ ਦੇ ਸਮਾਜ ਸੇਵੀ ਕਾਰਜ ਲਗਾਤਾਰ ਜਾਰੀ ਰੱਖੇਗਾ। ਇਸ ਮੌਕੇ ਸਹਾਰਾ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਜਿਨ੍ਹਾਂ ਵਿੱਚ ਹਰਬੰਸ ਸਿੰਘ ਸੇਖਾਂ ਜਨਰਲ ਸਕੱਤਰ, ਗੁਰਬਖਸ਼ ਸਿੰਘ ਚੇਅਰਮੈਨ, ਜਸਵਿੰਦਰ ਸਿੰਘ ਖਾਲਸਾ ਖਜਾਨਚੀ, ਹਰਪਾਲ ਸਿੰਘ ਗਿੱਲ ਵਾਈਸ ਚੇਅਰਮੈਨ, ਨਛੱਤਰ ਸਿੰਘ ਸਰਪ੍ਰਸਤ, ਜਸਵਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਨਾਮਦੇਵ, ਜਰਨੈਲ ਸਿੰਘ ਭੁੱਲਰ, ਅੰਗਰੇਜ਼ ਸਿੰਘ ਅਟਵਾਲ, ਪਰਮਿੰਦਰ ਸਿੰਘ ਬੱਢਾ, ਕੁਲਬੀਰ ਸਿੰਘ ਸੰਧੂ, ਹਰਜੀਤ ਸਿੰਘ ਸਚਦੇਵਾ, ਦਲਬੀਰ ਸਿੰਘ ਜੇ.ਈ., ਡਾ. ਪਾਲ ਸਿੰਘ, ਦਲਜੀਤ ਸਿੰਘ ਬੰਬੇ ਵਾਲੇ, ਪ੍ਰਤਾਪ ਸਿੰਘ ਹੀਰਾ, ਗਿਰਜੇਸ਼ ਕੁਮਾਰ, ਚਰਨਜੀਤ ਸਿੰਘ, ਵਿੱਕੀ ਨਾਰੰਗ, ਯਾਦਵਿੰਦਰ ਸਿੰਘ ਗਿੱਲ ਅਤੇ ਰਾਜ ਕੁਮਾਰ ਕੱਕੜ ਸਮਾਜ ਸੇਵੀ ਸਮੇਤ ਹੋਰ ਮੈਂਬਰ ਹਾਜ਼ਰ ਸਨ। ਇਸ ਸੇਵਾ ਭਰੇ ਉਪਰਾਲੇ ਨਾਲ ਸਹਾਰਾ ਕਲੱਬ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਸੱਚੀ ਸਮਾਜ ਸੇਵਾ ਹੀ ਮਨੁੱਖਤਾ ਦੀ ਸਭ ਤੋਂ ਵੱਡੀ ਪਹਿਚਾਣ ਹੈ।