ਬਾਲ ਮੇਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਹੋਣਗੇ ਸਹਾਈ : ਬੀਪੀਈਓ ਨਰੂਲਾ
ਬਲਾਕ ਫ਼ਿਰੋਜ਼ਪੁਰ-2 ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਵੱਲੋਂ ਲਗਾਏ ਗਏ ਪ੍ਰੀ-ਪ੍ਰਾਇਮਰੀ ਬਾਲ ਮੇਲੇ
Publish Date: Sat, 15 Nov 2025 05:12 PM (IST)
Updated Date: Sat, 15 Nov 2025 05:14 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਕੂਲ ਸਿੱਖਿਆ ਵਿਭਾਗ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਫ਼ਿਰੋਜ਼ਪੁਰ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਕੋਮਲ ਅਰੋੜਾ ਦੀ ਅਗਵਾਈ ਹੇਠ ਬਲਾਕ ਫ਼ਿਰੋਜ਼ਪੁਰ-2 ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਬਾਲ ਮੇਲਿਆਂ ਵਿੱਚ ਛੋਟੇ ਬੱਚਿਆਂ, ਐੱਸਐੱਮਸੀ ਕਮੇਟੀਆਂ ਤੋਂ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਨੇ ਵੱਡੀ ਗਿਣਤੀ ਭਾਗ ਲਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ-2 ਰਾਜਨ ਨਰੂਲਾ ਵੱਲੋਂ ਇਨ੍ਹਾਂ ਮੇਲਿਆਂ ਲਈ ਵੱਖ-ਵੱਖ ਸਕੂਲ ਵਿਜ਼ਿਟ ਕੀਤੇ ਅਤੇ ਕਿਹਾ ਕਿ ਸਕੂਲਾਂ ਵਿਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਬੜੇ ਰੌਚਕ ਢੰਗ ਨਾਲ ਸਿਖਾਇਆ ਜਾਂਦਾ ਹੈ। ਅਧਿਆਪਕਾਂ ਵੱਲੋਂ ਸਕੂਲਾਂ ਵਿੱਚ 5 ਸਟਾਲ ਜਿਸ ਵਿਚ ਸਰੀਰਕ ਵਿਕਾਸ, ਭਾਸ਼ਾਈ ਵਿਕਾਸ, ਬੌਧਿਕ ਵਿਕਾਸ, ਰਚਨਾਤਮਕ ਵਿਕਾਸ ਅਤੇ ਰਿਪੋਰਟ ਕਾਰਡ ਦੇ ਸਟਾਲ ਲਗਾਏ ਗਏ ਹਨ ਅਤੇ ਹਰ ਸਟਾਲ ’ਤੇ ਬੱਚਿਆਂ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਸੀਐੱਚਟੀ ਕਵਲਬੀਰ ਸਿੰਘ ਨੇ ਕਿਹਾ ਇਨ੍ਹਾਂ ਬਾਲ ਮੇਲਿਆਂ ਵਿਚ ਸਕੂਲ ਅਧਿਆਪਕਾਂ ਵੱਲੋਂ ਪਹੁੰਚੇ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਪ੍ਰੀ-ਪ੍ਰਾਇਮਰੀ ਵਿਚ ਹੁੰਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਸਕੂਲਾਂ ਵਿਚ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਰਹੇ ਹਨ। ਬੀਪੀਈਓ ਰਾਜਨ ਨਰੂਲਾ ਨੇ ਸੀਐੱਚਟੀ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ, ਦਾਖ਼ਲਾ ਰੈਲੀਆਂ ਰਾਹੀਂ, ਘਰ ਜਾ ਕੇ ਦਾਖ਼ਲਾ ਮੁਹਿੰਮ ਸਬੰਧੀ ਲਗਾਤਾਰ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਉਪਰਾਲਿਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਦੇ ਸਮੂਹ ਸੀਐੱਚਟੀ ਸਾਹਿਬਾਨ ਹਾਜ਼ਰ ਸਨ।