ਰੇਲਵੇ ਵੱਲੋਂ ਕੀਤੀ ਇਸ ਛੋਟੀ ਜਿਹੀ ਤਬਦੀਲੀ ਨਾਲ ਸਿਰਫ ਭੂਗੋਲਿਕ ਹੀ ਨਹੀਂ, ਸਗੋਂ ਮਨੋਵਿਗਿਆਨਕ ਤੌਰ ’ਤੇ ਵੀ ਸੋਚ ਬਦਲਦੀ ਨਜ਼ਰ ਆਵੇਗੀ। ਕਿਸੇ ਵੇਲੇ ਭਾਰਤ ਦਾ ਆਖਰੀ ਸਟੇਸ਼ਨ ਦੱਸਿਆ ਜਾਂਦਾ ਫਿਰੋਜ਼ਪੁਰ ਦਾ ਹੂਸੈਨੀਵਾਲਾ ਹੈਰੀਟੇਜ਼ ਸਟੇਸ਼ਨ ਹੁਣ ਭਾਰਤ ਦਾ ਪਹਿਲਾ ਸਟੇਸ਼ਨ ਤਾਂ ਬਣ ਗਿਆ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸੈਰ ਸਪਾਟੇ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਨਾਲ ਲਬਰੇਜ਼ ਪੰਜਾਬ ਦਾ ਇਤਿਹਾਸਕ ਸ਼ਹਿਰ ਫਿਰੋਜ਼ਪੁਰ ਹੁਣ ਭਾਰਤ ਦਾ ‘ਆਖਰੀ’ ਨਹੀਂ, ਸਗੋਂ ਪਹਿਲਾ ਸ਼ਹਿਰ ਬਣ ਗਿਆ ਹੈ। ਹਿੰਦ-ਪਾਕਿਸਤਾਨ ਸਰਹੱਦ ’ਤੇ ਸਥਿਤ ਹੂਸੈਨੀਵਾਲਾ ਹੈਰੀਟੇਜ ਸਟੇਸ਼ਨ ’ਤੇ ਭਾਰਤੀ ਰੇਲਵੇ ਵੱਲੋਂ ਕੀਤੀ ਗਈ ਇਕ ਛੋਟੀ ਜਿਹੀ ਤਬਦੀਲੀ ਨੇ ਵੱਡਾ ਸੁਨੇਹਾ ਦਿੱਤਾ ਹੈ। ਜਿੱਥੇ ਰੇਲਵੇ ਟਰੈਕ ਦੇ ਆਖਰੀ ਸਿਰੇ ’ਤੇ ਪਹਿਲਾਂ ‘ਐਂਡ ਆਫ ਨਾਰਦਰਨ ਰੇਲਵੇ’ ਲਿਖਿਆ ਹੁੰਦਾ ਸੀ, ਉੱਥੇ ਹੁਣ ‘ਬਿਗਨਿੰਗ ਆਫ ਨਾਰਦਰਨ ਰੇਲਵੇ’ ਲਿਖਿਆ ਗਿਆ ਹੈ। ਰੇਲਵੇ ਵੱਲੋਂ ਕੀਤੀ ਇਸ ਛੋਟੀ ਜਿਹੀ ਤਬਦੀਲੀ ਨਾਲ ਸਿਰਫ ਭੂਗੋਲਿਕ ਹੀ ਨਹੀਂ, ਸਗੋਂ ਮਨੋਵਿਗਿਆਨਕ ਤੌਰ ’ਤੇ ਵੀ ਸੋਚ ਬਦਲਦੀ ਨਜ਼ਰ ਆਵੇਗੀ। ਕਿਸੇ ਵੇਲੇ ਭਾਰਤ ਦਾ ਆਖਰੀ ਸਟੇਸ਼ਨ ਦੱਸਿਆ ਜਾਂਦਾ ਫਿਰੋਜ਼ਪੁਰ ਦਾ ਹੂਸੈਨੀਵਾਲਾ ਹੈਰੀਟੇਜ਼ ਸਟੇਸ਼ਨ ਹੁਣ ਭਾਰਤ ਦਾ ਪਹਿਲਾ ਸਟੇਸ਼ਨ ਤਾਂ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਨੂੰ ਚੋਟੀ ਦੀ ‘ਟੂਰਿਜ਼ਮ ਡੈਸਟੀਨੇਸ਼ਨ’ ਬਣਾਉਣ ਲਈ ‘ਪੰਜਾਬੀ ਜਾਗਰਣ’ ਵੱਲੋਂ ਵਿੱਢੀ ਮੁਹਿੰਮ ’ਚ ਹੁਣ ਰੇਲਵੇ ਵੱਲੋਂ ਵੀ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸਬੰਧੀ ਰੇਲ ਡਵੀਜ਼ਨ ਫਿਰੋਜ਼ਪੁਰ ਵੱਲੋਂ ਬੀਤੇ ਦਿਨੀਂ ‘ਵਿਸ਼ਵ ਵਿਰਾਸਤ ਦਿਵਸ 2026’ ਮੌਕੇ ਕਈ ਪ੍ਰੋਗਰਾਮ ਕਰਵਾਉਂਦਿਆਂ ਇਤਿਹਾਸਕ ਲੋਕੋ ਇੰਜਣ ਅਤੇ ਅੰਗਰੇਜ਼ਾਂ ਵੇਲੇ ਦੇ ਰੋਲਰ ਦੀ ਪ੍ਰਦਰਸ਼ਨੀ ਜਿੱਥੇ ਲੋਕਾਂ ’ਚ ਖਿੱਚ ਦਾ ਕੇਂਦਰ ਰਹੀ, ਉਥੇ ‘ਪੰਜਾਬੀ ਜਾਗਰਣ’ ਵੱਲੋਂ ਲੰਮੇਂ ਸਮੇਂ ਤੋਂ ਚੁੱਕੇ ਜਾ ਰਹੇ ਮਸਲੇ ਨੂੰ ਹੱਲ ਕਰਦਿਆਂ ਰੇਲਵੇ ਵੱਲੋਂ ਇਕ ਨਵੀਂ ਪਹਿਲ ਕੀਤੀ ਗਈ ਹੈ। ਰੇਲਵੇ ਦੀ ਇਸ ਪਹਿਲ ਨਾਲ ਫਿਰੋਜ਼ਪੁਰ ਹੁਣ ਭਾਰਤ ਦਾ ਆਖਰੀ ਸਟੇਸ਼ਨ ਨਾ ਹੋ ਕੇ ਭਾਰਤ ਦਾ ਪਹਿਲਾ ਸਟੇਸ਼ਨ ਬਣ ਗਿਆ ਹੈ। ਹਿੰਦ ਪਾਕਿ ਕੌਮਾਂਤਰੀ ਸਰਹੱਦ ਹੂਸੈਨੀਵਾਲਾ ਦੇ ਹੈਰੀਟੇਜ਼ ਸਟੇਸ਼ਨ ਕੋਲ ਜਿੱਥੇ ਭਾਰਤੀ ਰੇਲਵੇ ਵੱਲੋਂ ਟਰੈਕ ਬੰਦ ਕਰਦਿਆਂ ‘ਐਂਡ ਆਫ ਨਾਰਦਰਨ ਰੇਲਵੇ ਲਿੱਖਿਆ ਗਿਆ ਸੀ, ਉਥੇ ਹੁਣ ਰੇਲਵੇ ਵੱਲੋਂ ‘ਬਿਗਨਿੰਗ ਆਫ ਨਾਰਦਰਨ ਰੇਲਵੇ’ ਲਿੱਖਿਆ ਗਿਆ ਹੈ। ਇਸ ਫਿਰੋਜ਼ਪੁਰ ਦਾ ਨਾਂ ਸੁਣ ਕੇ ਰਾਜਧਾਨੀਆਂ ਚੰਡੀਗੜ੍ਹ ਜਾਂ ਦਿੱਲੀ ’ਚ ਬੈਠੀ ਅਫਸਰਸ਼ਾਹੀ ਇਸ ਨੂੰ ਨੁੱਕਰੇ ਲੱਗਾ ਆਖਰੀ ਸਟੇਸ਼ਨ ਸਮਝਦੇ ਰਹੇ ਹਨ, ਹੁਣ ਇਸ ਸਬੰਧੀ ਉਨ੍ਹਾਂ ਦਾ ਨਜ਼ਰੀਆ ਵੀ ਬਦਲਿਆ ਹੋਇਆ ਜਾਪੇਗਾ। ‘ਬਿਗਨਿੰਗ ਆਫ ਨਾਰਦਰਨ ਰੇਲਵੇ’ ਯਾਨੀ ‘ਇੰਡੀਆ ਸਟਾਰਟਸ ਹੇਅਰ’, ਚਾਰ ਅੱਖਰਾਂ ਦੀ ਇਸ ਲਾਈਨ ਦੇ ਫਿਰੋਜ਼ਪੁਰ ਲਈ ਬੜੇ ਅਹਿਮ ਮਾਇਨੇ ਹਨ। ਫਿਰੋਜ਼ਪੁਰ ਨੂੰ ਸੈਰ ਸਪਾਟਾ ਉਦਯੋਗ ਵਜੋਂ ਪ੍ਰਮੋਟ ਕਰਨ ਲਈ ਹਮਖਿਆਲ ਲੋਕਾਂ ਵੱਲੋਂ ਵਿੱਢੀ ਮੁਹਿੰਮ ’ਚ ਇਸ ਨਾਲ ਕਾਫੀ ਲਾਹਾ ਮਿਲਣ ਦੀ ਸੰਭਾਵਨਾ ਹੈ।
1971 ਦੀ ਜੰਗ ਤੋਂ ਬਾਅਦ ਭਾਰਤ ਪਾਕਿ ਵਿਚਾਲੇ ਰੇਲ ਲਾਂਘਾ ਹੋ ਗਿਆ ਸੀ ਬੰਦ
ਜ਼ਿਕਰਯੋਗ ਹੈ ਕਿ ਭਾਰਤ ਪਾਕਿ ਵੰਡ ਤੋਂ ਬਾਅਦ ਵੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਫਿਰੋਜ਼ਪੁਰ ਦੇ ਹੂਸੈਨੀਵਾਲਾ ਤੋਂ ਵਪਾਰ ਵੀ ਹੁੰਦਾ ਸੀ ਅਤੇ ਰੇਲਾਂ ਵੀ ਆਉਂਦੀਆਂ ਜਾਂਦੀਆਂ ਸਨ। 1971 ਦੀ ਲੜਾਈ ਮੌਕੇ ਇੱਥੋਂ ਬੰਦ ਹੋਇਆ ਵਪਾਰ ਮੁੜ ਸ਼ੁਰੂ ਹੀ ਨਹੀਂ ਹੋਣ ਦਿੱਤਾ ਗਿਆ। ਇਤਿਹਾਸ ਅਤੇ ਭੂਗੋਲ ਦੀ ਜਾਣਕਾਰੀ ਨਾ ਰੱਖਣ ਵਾਲੇ ਕੁੱਝ ਅਧਿਕਾਰੀਆਂ ਵੱਲੋਂ ਕੱਝ ਸਮੇਂ ਬਾਅਦ ਇਸ ਨੂੰ ਆਖਰੀ ਸਟੇਸ਼ਨ ਐਲਾਨਦਿਆਂ ਇੱਥੇ ‘ਡੈੱਡ ਐਂਡ’ ਲਾਉਂਦਿਆਂ ‘ਐਂਡ ਆਫ ਨਾਰਦਰਨ ਰੇਲਵੇ’ ਲਿੱਖ ਦਿੱਤਾ ਗਿਆ ਸੀ।
‘ਪੰਜਾਬੀ ਜਾਗਰਣ’ ਵੱਲੋਂ ਚੁੱਕਿਆ ਜਾ ਰਿਹਾ ਸੀ ਮਾਮਲਾ
ਇਸ ਸਬੰਧੀ ‘ਪੰਜਾਬੀ ਜਾਗਰਣ’ ਵੱਲੋਂ ਲੰਮੇਂ ਸਮੇਂ ਤੋਂ ਚੁੱਕੇ ਜਾ ਰਹੇ ਇਸ ਮਾਮਲੇ ਨੂੰ ਬੂਰ ਉਸ ਵੇਲੇ ਪਿਆ ਜਦੋਂ ਬੀਤੇ ਦਿਨੀਂ ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ’ਚ ਇਕ ਵਾਰੀ ਫਿਰ ‘ਪੰਜਾਬੀ ਜਾਗਰਣ ਪ੍ਰਤੀਨਿਧੀ’ ਵੱਲੋਂ ਡੀਆਰਐੱਮ ਤੋਂ ਇਸ ਸਬੰਧੀ ਸਵਾਲ ਪੁੱਛਦਿਆਂ ਇਹ ਤਰਕ ਦਿੱਤਾ ਗਿਆ ਕਿ ਜਦੋਂ ਹਰ ਕੰਮ ’ਚ ਅਸੀਂ ‘ਵੈਸਟ ਨੂੰ ਫਾਲੋ’ ਕਰਦੇ ਹਾਂ ਤਾਂ ਫਿਰ ਇਹ ਤਾਂ ਭਾਰਤ ਦਾ ਪਹਿਲਾ ਸ਼ਹਿਰ ਹੋਣਾ ਚਾਹੀਦਾ ਹੈ। ਇਸ ’ਤੇ ਡਾਹਢਾ ਮੁਤਾਸਿਰ ਹੁੰਦਿਆਂ ਡੀਆਰਐੱਮ ਸੰਜੀਵ ਕੁਮਾਰ ਨੇ ਇਸ ਸਬੰਧੀ ਲੋੜੀਂਦੇ ਕਦਮ ਪੁੱਟਣ ਦਾ ਵਾਅਦਾ ਕੀਤਾ ਸੀ।