ਲੁਧਿਆਣਾ ਰੇਲਵੇ ਸਟੇਸ਼ਨ ’ਤੇ ਮੌਕ ਡਰਿੱਲ, ਰੇਲ ਹਾਦਸੇ ਤੇ ਅੱਗ ਲੱਗਣ ਦਾ ਦ੍ਰਿਸ਼ ਸਿਰਜ ਕੇ ਕੀਤਾ ਅਭਿਆਸ
ਮੌਕ ਡਰਿੱਲ ਦੌਰਾਨ ਇੱਕ ਕਾਲਪਨਿਕ ਦ੍ਰਿਸ਼ ਸਿਰਜਿਆ ਗਿਆ, ਜਿਸ ਵਿੱਚ ਫੌਜੀ ਰੇਕ ਦੀ ਸ਼ੰਟਿੰਗ ਦੌਰਾਨ ਇੱਕ ਰੇਲ ਕੋਚ ਪਟੜੀ ’ਤੇ ਆਏ ਭਾਰੀ ਵਾਹਨ ਨਾਲ ਟਕਰਾ ਗਿਆ। ਟੱਕਰ ਕਾਰਨ ਕੋਚ ਪਟੜੀ ਤੋਂ ਉਤਰ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਕੋਚ ਵਿੱਚ 20 ਤੋਂ 25 ਮੇਨਟੇਨੈਂਸ ਕਰਮਚਾਰੀਆਂ ਦੇ ਫਸੇ ਹੋਣ ਦਾ ਦ੍ਰਿਸ਼ ਵੀ ਤਿਆਰ ਕੀਤਾ ਗਿਆ।
Publish Date: Sun, 31 May 2026 08:49 AM (IST)
Updated Date: Sun, 31 May 2026 08:52 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਹੰਗਾਮੀ ਹਾਲਾਤਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਦੀ ਤਿਆਰੀ ਪਰਖਣ ਲਈ ਵਿਸ਼ੇਸ਼ ਮੌਕ ਡਰਿੱਲ ਕਰਵਾਈ ਗਈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਅਤੇ ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਅਭਿਆਸ ਵਿੱਚ ਐੱਨਡੀਆਰਐੱਫ, ਆਰਪੀਐੱਫ, ਜੀਆਰਪੀ ਅਤੇ ਸਥਾਨਕ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਹਿੱਸਾ ਲਿਆ।
ਮੌਕ ਡਰਿੱਲ ਦੌਰਾਨ ਇੱਕ ਕਾਲਪਨਿਕ ਦ੍ਰਿਸ਼ ਸਿਰਜਿਆ ਗਿਆ, ਜਿਸ ਵਿੱਚ ਫੌਜੀ ਰੇਕ ਦੀ ਸ਼ੰਟਿੰਗ ਦੌਰਾਨ ਇੱਕ ਰੇਲ ਕੋਚ ਪਟੜੀ ’ਤੇ ਆਏ ਭਾਰੀ ਵਾਹਨ ਨਾਲ ਟਕਰਾ ਗਿਆ। ਟੱਕਰ ਕਾਰਨ ਕੋਚ ਪਟੜੀ ਤੋਂ ਉਤਰ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਕੋਚ ਵਿੱਚ 20 ਤੋਂ 25 ਮੇਨਟੇਨੈਂਸ ਕਰਮਚਾਰੀਆਂ ਦੇ ਫਸੇ ਹੋਣ ਦਾ ਦ੍ਰਿਸ਼ ਵੀ ਤਿਆਰ ਕੀਤਾ ਗਿਆ।
ਸੂਚਨਾ ਮਿਲਦੇ ਹੀ ਰੇਲਵੇ ਅਤੇ ਰਾਹਤ ਏਜੰਸੀਆਂ ਸਰਗਰਮ ਹੋ ਗਈਆਂ। ਐੱਨਡੀਆਰਐੱਫ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰਦੇ ਹੋਏ ਸਾਰੇ ਫਸੇ ਹੋਏ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਤੋਂ ਬਾਅਦ ਮਹਿਜ਼ 40 ਮਿੰਟਾਂ ਵਿੱਚ ਪਟੜੀ ਤੋਂ ਉਤਰੇ ਕੋਚ ਨੂੰ ਮੁੜ ਟਰੈਕ ’ਤੇ ਲਿਆ ਕੇ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ।
ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਅਜਿਹੀਆਂ ਮੌਕ ਡਰਿੱਲਾਂ ਦਾ ਮਕਸਦ ਕਰਮਚਾਰੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਿਆਰ ਰੱਖਣਾ ਹੈ ਤਾਂ ਜੋ ਕਿਸੇ ਵੀ ਆਫ਼ਤ ਜਾਂ ਹਾਦਸੇ ਦੀ ਸਥਿਤੀ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਅਤੇ ਏਜੰਸੀਆਂ ਵਿਚਕਾਰ ਤਾਲਮੇਲ ਮਜ਼ਬੂਤ ਕਰਨਾ ਵੀ ਇਸ ਅਭਿਆਸ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਰੇਲਵੇ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।