ਇਮਾਰਤ ਢਾਹੁਣ ਦੇ ਵਿਵਾਦ ਨੂੰ ਲੈ ਕੇ ਵਿਅਕਤੀ ਤੇ ਉਸ ਦੀ ਪਤਨੀ ਦੀ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ
ਇਮਾਰਤ ਢਾਹੁਣ ਦੇ ਵਿਵਾਦ ਨੂੰ ਲੈ ਕੇ ਵਿਅਕਤੀ ਅਤੇ ਉਸਦੀ ਪਤਨੀ ਦੀ ਕੁੱਟਮਾਰ ਕਰਕੇ ਜ਼ਖਮੀ ਕੀਤਾ
Publish Date: Sat, 13 Dec 2025 04:46 PM (IST)
Updated Date: Sat, 13 Dec 2025 04:48 PM (IST)
- ਘਟਨਾ ਤੋਂ ਬਾਅਦ ਔਰਤ ਦੇ ਗਲ ’ਚ ਪਾਈ ਹੋਈ ਸੋਨੇ ਦੀ ਚੇਨ ਖੋਹ ਕੇ ਮੁਲਜ਼ਮ ਹੋਏ ਫ਼ਰਾਰ
- ਪੁਲਿਸ ਨੇ ਚਾਰ ਲੋਕਾਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਥਾਣਾ ਛਾਉਣੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਇਮਾਰਤ ਨੂੰ ਢਾਹੁਣ ਦੇ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਅਤੇ ਉਸ ਦੀ ਪਤਨੀ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਅਤੇ ਘਟਨਾ ਤੋਂ ਬਾਅਦ ਔਰਤ ਦੇ ਗਲੇ ਵਿਚ ਪਾਈ ਹੋਈ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋਏ 4 ਲੋਕਾਂ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਛਾਉਣੀ ਫ਼ਿਰੋਜ਼ਪੁਰ ਦੇ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿਚ ਸ਼ਿਕਾਇਤਕਰਤਾ ਸੋਹਨ ਲਾਲ ਪੁੱਤਰ ਕ੍ਰਿਸ਼ਨ ਚੰਦ ਪੁੱਤਰ ਜੈ ਸੁਖ ਰਾਮ ਵਾਸੀ ਮਕਾਨ ਨੰਬਰ 229 ਬਾਜ਼ਾਰ ਨੰਬਰ 2 ਫ਼ਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਉਹ ਬੀਤੀ 10 ਦਸੰਬਰ ਨੂੰ ਜਦੋਂ ਸ਼ਾਮ ਦੇ ਸਮੇਂ ਆਪਣੇ ਘਰ ਵਿਚ ਮੌਜੂਦ ਸੀ ਤਾਂ ਨਰੇਸ਼ ਕੁਮਾਰ, ਬਿੰਦਰ ਕੁਮਾਰ, ਦੀਪਕ ਕੁਮਾਰ ਪੁੱਤਰ ਸੰਤ ਲਾਲ ਅਤੇ ਕੇਸ਼ਵ ਪੁੱਤਰ ਨਰੇਸ਼ ਕੁਮਾਰ ਵਾਸੀ ਬਾਜ਼ਾਰ ਨੰਬਰ 2 ਫ਼ਿਰੋਜ਼ਪੁਰ ਛਾਉਣੀ ਘਰ ਦੇ ਬਾਹਰ ਆ ਕੇ ਗਾਲੀ-ਗਲੋਚ ਕਰਨ ਲੱਗੇ। ਜਦੋਂ ਪੀੜਤ ਅਤੇ ਉਸ ਦੀ ਪਤਨੀ ਨੇ ਬਾਹਰ ਜਾ ਕੇ ਦੇਖਿਆ ਤਾਂ ਉਕਤ ਮੁਲਜ਼ਮਾਂ ਨੇ ਪੀੜਤ ਅਤੇ ਉਸ ਦੀ ਪਤਨੀ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਮੁਲਜ਼ਮ ਉਸ ਦੀ ਪਤਨੀ ਦੇ ਗਲੇ ਵਿਚ ਪਾਈ ਹੋਈ ਸੋਨੇ ਦੀ ਚੇਨ ਖੋਹ ਕੇ ਉੱਥੋਂ ਫ਼ਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਉਸ ਦੀ 100 ਸਾਲ ਪੁਰਾਣੀ ਇਮਾਰਤ ਹੈ, ਜੋ ਕਿ ਖ਼ਸਤਾ ਹਾਲ ਹੈ ਅਤੇ ਉਸ ਦੇ ਡਿੱਗਣ ਨਾਲ ਕਿਸੇ ਦਾ ਨੁਕਸਾਨ ਹੋ ਸਕਦਾ ਹੈ। ਜਿਸ ਸਬੰਧੀ ਕੈਂਟ ਬੋਰਡ ਨੇ ਉਨ੍ਹਾਂ ਨੂੰ ਇਮਾਰਤ ਢਾਹੁਣ ਦੇ ਲਿਖਤੀ ਆਦੇਸ਼ ਜਾਰੀ ਕੀਤੇ ਹਨ, ਪਰ ਦੋਸ਼ੀ ਉਕਤ ਇਮਾਰਤ ਨੂੰ ਢਾਹੁਣ ਨਹੀਂ ਦਿੰਦੇ ਅਤੇ ਉਸੇ ਨੂੰ ਲੈ ਕੇ ਮੁਲਜ਼ਮਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।