ਇਮਤਿਹਾਨਾਂ ਨੂੰ ਮੱਦੇਨਜ਼ਰ ਬੋਰਡ ਕਲਾਸਾਂ ਲਈ ਸਕੂਲ ਖੋਲ੍ਹਣ ਦੀ ਦਿੱਤੀ ਜਾਵੇ ਇਜਾਜ਼ਤ
ਬੋਰਡ ਇਮਤਿਹਾਨਾਂ ਨੂੰ ਮੱਦੇਨਜ਼ਰ ਰੱਖਦਿਆਂ ਬੋਰਡ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ
Publish Date: Wed, 07 Jan 2026 07:14 PM (IST)
Updated Date: Wed, 07 Jan 2026 07:18 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਠੰਢ ਦੇ ਮੱਦੇ ਨਜ਼ਰ ਜੋ ਪੰਜਾਬ ਸਰਕਾਰ ਵੱਲੋਂ ਸਰਕਾਰੀ/ਗੈਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਸਨ ਉਨ੍ਹਾਂ ਦੇ ਲਗਾਤਰ ਵਾਧੇ ਨਾਲ ਬੱਚਿਆਂ ਦੀ ਪੜ੍ਹਾਈ ਉੱਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਇਸ ਵੇਲੇ ਪੰਜਾਬ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ ਜਿਸ ਕਰਕੇ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਨੂੰ 13 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਪਰ ਬੋਰਡ ਦੀਆਂ ਪ੍ਰੀਖਿਆਵਾਂ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਹਨ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਤੇ ਬੁਰਾ ਪ੍ਰਭਾਵ ਪਵੇਗਾ ਇਸ ਕਰਕੇ ਬੋਰਡ ਦੀਆ ਕਲਾਸਾਂ ਲਈ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਸਬੰਧੀਂ ਸਰਕਾਰ ਨੂੰ ਇਸ ਮਸਲੇ ਨੂੰ ਵਿਚਾਰਨ ਦੀ ਮੰਗ ਕਰਦਿਆਂ ਨਰਿੰਦਰ ਸਿੰਘ ਕੇਸਰ ਜ਼ਿਲ੍ਹਾ ਪ੍ਰਧਾਨ ਰੀਕੋਗਨਾਈਜ਼ਡ ਐਂਡ ਐਫਲਿਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ 8ਵੀਂ ਤੋਂ 12ਵੀ ਕਲਾਸਾਂ ਤੱਕ ਸਕੂਲ ਖੋਲੇ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਸਹੀ ਢੰਗ ਨਾਲ਼ ਕੀਤੀ ਜਾ ਸਕੇ। ਕੇਸਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਸਿਹਤ ਦੇ ਨਾਲ-ਨਾਲ ਉਨ੍ਹਾਂ ਦੀ ਪੜ੍ਹਾਈ ਦਾ ਖਿਆਲ ਵੀ ਰੱਖਿਆ ਜਾਵੇ। ਇੱਥੇ ਇਹ ਜ਼ਿਕਰਯੋਗ ਹੈ ਕਿ ਵਿਦਿਆਰਥੀ ਜਿਸ ਤਰੀਕੇ ਨਾਲ ਸਕੂਲ ਵਿੱਚ ਪੇਪਰਾ ਦੀ ਤਿਆਰੀ ਕਰ ਸਕਦੇ ਹਨ ਘਰੇ ਰਹਿ ਕੇ ਉਹ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੇ। ਉਨ੍ਹਾਂ ਕਿਹਾ ਕੇ ਬਹੁਤੇ ਵਿਦਿਆਰਥੀ ਦੇ ਮਾਪੇ ਵੀ ਸਕੂਲ ਖੋਲ੍ਹਣ ਦੇ ਹੱਕ ਵਿੱਚ ਹਨ। ਪ੍ਰਾਇਮਰੀ ਸਕੂਲਾਂ ਨੂੰ ਰੱਖਿਆ ਜਾਵੇ ਬੰਦ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਪ੍ਰਾਇਮਰੀ ਤੱਕ ਦੇ ਬੱਚਿਆ ਨੂੰ ਛੁੱਟੀਆ ਕੀਤੀਆ ਜਾਣ। ਕਿਉਕਿ ਛੋਟੇ ਬੱਚਿਆਂ ਤੇ ਸਰਦੀ ਦਾ ਅਸਰ ਜ਼ਿਆਦਾ ਹੋਣ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਹਾਈ ਤੇ ਸਕੈਡਰੀ ਸਕੂਲਾਂ ਦੇ ਸਮੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕੇ ਮਾਣਯੋਗ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸ਼ਰਮਾ ਜਨਰਲ ਸਕੱਤਰ ਪੰਜਾਬ, ਜਸਮਿੰਦਰ ਸਿੰਘ ਸੰਧੂ ਪ੍ਰਧਾਨ (ਆਹਰਾਸ) ਸੁਨੀਰ ਮੋਂਗਾ, ਰਾਕੇਸ਼ ਅਰੋੜਾ, ਮਨਜੀਤ ਸਿੰਘ ਵਿਰਕ, ਇੰਦਰਪਾਲ ਸਿੰਘ, ਜਗਤਾਰ ਸਿੰਘ ਸ਼ੇਰਖਾ, ਜੀਵਨ ਲਾਲ ਧੀਰ, ਰਾਜੇਸ਼ ਗਾਬਾ, ਪ੍ਰਤਾਪ ਸਿੰਘ ਵਿਰਕ, ਕਮਲਜੀਤ ਸਿੰਘ ਕੱਸੋਆਣਾ, ਲਖਵਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ ਬਰਾੜ, ਜਸਵੀਰ ਸਿੰਘ ਕਟਾਰੀਆ ਆਦਿ ਸਕੂਲ ਮੁਖੀ ਹਾਜ਼ਰ ਸਨ।