ਜ਼ੀਰਾ ’ਚ ਲੇਬਰ ਮਜ਼ਦੂਰਾਂ ਵੱਲੋਂ ਟੈਂਡਰ ਮਸਲੇ ਨੂੰ ਲੈ ਕੇ ਠੇਕੇਦਾਰ ਅਤੇ ਪ੍ਰਸ਼ਾਸ਼ਨ ਖਿਲਾਫ਼ ਦਾਣਾ ਮੰਡੀ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ : ਦਾਣਾ ਮੰਡੀ ਜ਼ੀਰਾ ਵਿਖੇ ਲੇਬਰ ਮਜ਼ਦੂਰਾਂ ਵੱਲੋਂ ਟੈਂਡਰ ਮਸਲੇ ਨੂੰ ਲੈ ਕੇ ਠੇਕੇਦਾਰ ਅਤੇ ਪ੍ਰਸ਼ਾਸ਼ਨ ਖਿਲਾਫ਼ ਰੋਸ ਧਰਨਾ ਲਗਾ ਕੇ ਜੰਮਕੇ ਨਾਅਰੇਬਾਜ਼ੀ ਕੀਤੀ ਗਈ ।ਇਸ ਮੌਕੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਿਲਬਾਗ ਸਿੰਘ, ਪ੍ਰਧਾਨ ਬਲਵੀਰ ਸਿੰਘ, ਸੈਕਟਰੀ ਗੁਰਸੇਵਕ ਸਿੰਘ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਆਦਿ ਨੇ ਕਿਹਾ ਕਿ ਇੱਥੋਂ ਦੇ ਇੱਕ ਠੇਕੇਦਾਰ ਦਾ ਮਜ਼ਦੂਰਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ,ਜਿਸਨੂੰ ਜ਼ੀਰਾ ਤੇ ਨਾਲ ਲੱਗਦੇ ਇਲਾਕੇ ਅੰਦਰ ਮਜ਼ਦੂਰਾਂ ਤੋਂ ਢੋਆ-ਢੁਆਈ ਦੇ ਕੰਮ ਕਰਵਾਉਣ ਦਾ ਠੇਕਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਉਕਤ ਠੇਕੇਦਰ ਪਿਛਲੇ ਛੇ ਸਾਲਾਂ ਤੋਂ ਮਜ਼ਦੂਰਾਂ ਦਾ ਈਪੀਐੱਫ ਦਾ ਲੱਖ਼ਾਂ ਰੁਪਇਆ ਦੱਬ ਕੇ ਬੈਠਾ ਹੈ, ਜਿਸ ਨੂੰ ਲੈਣ ਲਈ ਮਜ਼ਦੂਰਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬਿਲਕੁਲ ਸੁਣਵਾਈ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਠੇਕੇਦਾਰ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਜਦੋਂ ਵੀ ਸਪੈਸ਼ਲ ਲੱਗਦੀ ਹੈ ਠੇਕੇਦਾਰ ਬਾਹਰੋਂ ਲੇਬਰ ਲੈ ਕੇ ਜਬਰੀ ਕੰਮ ਕਰਨ ਦੀ ਕੋਸ਼ਿਸ ਕਰਦਾ ਹੈ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਫਿਰੋਜਪੁਰ, ਖੁਰਾਕ ਤੇ ਸਿਵਲ ਸਪਲਾਈ ਅਫਸਰ ਫਿਰੋਜਪੁਰ ਅਤੇ ਐੱਸਐੱਸਪੀ ਨੂੰ ਵੀ ਜਾਣੂੰ ਕਰਵਾਇਆ ਗਿਆ,ਪਰ ਉਨ੍ਹਾਂ ਵੱਲੋਂ 500 ਦੇ ਕਰੀਬ ਮਜੂਦਰਾਂ ਦੀ ਫਰਿਆਦ ਨੂੰ ਦਰ-ਕਿਨਾਰ ਕਰਕੇ ਉਕਤ ਠੇਕੇਦਾਰ ਖਿਲਾਫ ਬਣਦੀ ਕਾਨੂੰਨੀ ਕਰਵਾਈ ਕਰਨ ਦੀ ਬਜਾਏ ਸਮੁੱਚਾ ਪ੍ਰਸ਼ਾਸਨ ਠੇਕੇਦਾਰ ਦੀ ਹਮਾਇਤ ਕਰਨ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਨਿਕਲ ਗਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਾਰੀ ਕਰੋੜਾਂ ਰੁਪਏ ਦਾ ਇੱਕ ਟੈਂਡਰ ਉਹ ਵਿਅਕਤੀ ਲੈਣ ਵਿੱਚ ਕਾਮਯਾਬ ਹੋ ਗਿਆ, ਜਿਸ ਉੱਪਰ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਸਰਕਾਰ ਵੱਲੋਂ ਭਾਵੇਂ ਇੱਕ ਸਕਿਓਰਟੀ ਗਾਰਡ ਹੀ ਰੱਖਣਾ ਹੋਵੇ ਉਸ ਲਈ ਵੀ ਪੁਲਿਸ ਵੈਰੀਫਿਕੇਸ਼ਨ ਮੰਗੀ ਜਾਂਦੀ ਹੈ,ਪਰ ਅਫਸੋਸ ਕਿ ਸਰਕਾਰ ਵੱਲੋਂ ਦਿੱਤੇ ਜਾਂਦੇ ਕਰੋੜਾਂ ਰੁਪਏ ਦੇ ਟੈਂਡਰਾਂ ਵਿੱਚ ਟੈਂਡਰਕਾਰ (ਠੇਕੇਦਾਰ) ਦਾ ਪੁਲਿਸ ਰਿਕਾਰਡ ਨਹੀਂ ਦੇਖਿਆ ਜਾਂਦਾ।ਆਗੂਆਂ ਨੇ ਕਿਹਾ ਕਿ ਪਾਲਸੀ ਵਿੱਚ ਸਾਫ ਲਿਖਿਆ ਹੈ ਕਿ ਕੋਈ ਵੀ ਅਪਰਾਧੀ ਵਿਅਕਤੀ ਜਿਸ ਤੇ ਕੋਈ ਕੇਸ ਦਰਜ ਹੋਵੇ ਇਸ ਟੈਂਡਰ ਨੂੰ ਨਹੀਂ ਭਰ ਸਕਦਾ ਜਦੋਂ ਕਿ ਉਕਤ ਠੇਕੇਦਾਰ ਖਿਲਾਫ ਵੱਖ -ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਹਨ, ਜਿਸ ਦੀ ਸੂਚਨਾ ਲਿਖਤੀ ਰੂਪ ਵਿਚ ਮੁੱਖ ਮੰਤਰੀ ਪੰਜਾਬ,ਸੈਕਟਰੀ ਫੂਡ ਸਪਲਾਈ,ਫੂਡ ਸਪਲਾਈ ਮੰਤਰੀ ਨੂੰ ਵੀ ਭੇਜੀ ਗਈ, ਪਰ ਕੋਈ ਸੁਣਵਾਈ ਨਹੀ ਹੋਈ।ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇ ਠੇਕੇਦਾਰ ਖਿਲਾਫ ਕਰਵਾਈ ਨਾ ਕੀਤੀ ਗਈ ਤਾਂ ਇਹ ਸੰਘਰਸ਼ ਪੰਜਾਬ ਪੱਧਰ ਤੇ ਹੋਵੇਗਾ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਦਿਲਬਾਗ ਸਿੰਘ ਮੀਤ ਪਧਾਨ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ, ਬਲਵੀਰ ਸਿੰਘ ਪ੍ਰਧਾਨ, ਗੁਰਸੇਵਕ ਸਿੰਘ ਸੈਕਰਟੀ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਦੇ ਪ੍ਰਧਾਨ ਯੂਨੀਅਨ ਪ੍ਰਕਾਸ਼ ਸਿੰਘ, ਪ੍ਰਧਾਨ ਸੁਰਜੀਤ ਸਿੰਘ, ਸੁਖਦੇਵ ਸਿੰਘ, ਲੱਖਾ ਸਿੰਘ, ਨਿਰਮਲ ਸਿੰਘ, ਰਸਾਲ ਸਿੰਘ,ਹਰਦੇਵ ਸਿੰਘ, ਸਾਮਿਨ ਮਸੀਹ, ਗੁਰਮੇਜ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।