ਪੰਜ ਪਿੰਡਾਂ ਦੇ ਸੈਂਕੜੇ ਕਿਸਾਨ ਬੀਕੇਯੂ ਏਕਤਾ (ਡਕੌਂਦਾ) ’ਚ ਸ਼ਾਮਲ
ਫਿਰੋਜ਼ਪੁਰ ਦੇ ਪੰਜ ਪਿੰਡਾਂ ਦੇ ਸੈਂਕੜੇ ਕਿਸਾਨ ਬੀਕੇਯੂ ਏਕਤਾ (ਡਕੌਂਦਾ) ਵਿਚ ਹੋਏ ਸ਼ਾਮਲ
Publish Date: Wed, 17 Dec 2025 05:05 PM (IST)
Updated Date: Wed, 17 Dec 2025 05:06 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਦੇ ਪੰਜ ਪਿੰਡਾਂ ਫੱਤੇਵਾਲਾ, ਸਭਰਾ-1, ਆਲੇ ਵਾਲਾ, ਬਸਤੀ ਗਰੀਬ ਸਿੰਘ ਵਾਲੀ ਤੇ ਸਭਰਾ-2 ਦੇ ਸੈਂਕੜੇ ਕਿਸਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਿਚ ਸ਼ਾਮਲ ਹੋ ਗਏ। ਸਭਰਾਵਾਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਹੋਏ ਇਕ ਵੱਡੇ ਇਕੱਠ ਦੌਰਾਨ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਜਥੇਬੰਦੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ’ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਚਿਤਾਵਨੀ ਦਿੱਤੀ ਕਿ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2025 ਵਰਗੇ ਕਾਨੂੰਨ ਕਿਸਾਨੀ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਬਿੱਲ ਪਾਸ ਹੁੰਦਾ ਹੈ ਤਾਂ ਪ੍ਰਾਈਵੇਟ ਕੰਪਨੀਆਂ ਦੀ ਲੁੱਟ ਵਧੇਗੀ ਅਤੇ ਸਬਸਿਡੀਆਂ ਖਤਮ ਹੋ ਜਾਣਗੀਆਂ। ਇਸੇ ਤਰ੍ਹਾਂ ਬੀਜ ਬਿੱਲ ਨਾਲ ਖੇਤੀ ’ਤੇ ਬਹੁਕੌਮੀ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ। ਮੀਤ ਪ੍ਰਧਾਨ ਅਮਨਦੀਪ ਲਲਤੋਂ ਨੇ ਨਵੇਂ ਲੇਬਰ ਕੋਡ ਅਤੇ ਮੁਕਤ ਵਪਾਰ ਸਮਝੌਤਿਆਂ ਦੇ ਖ਼ਤਰਿਆਂ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਨੀਤੀਆਂ ਨਾਲ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਵਿਦੇਸ਼ੀ ਸਸਤੀਆਂ ਵਸਤਾਂ ਭਾਰਤੀ ਮੰਡੀ ਵਿਚ ਆਉਣ ਨਾਲ ਸਥਾਨਕ ਕਿਸਾਨੀ ਤਬਾਹ ਹੋ ਜਾਵੇਗੀ। ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਕਿਸਾਨਾਂ ਨੂੰ ਐੱਮਐੱਸਪੀ ਦੀ ਗਾਰੰਟੀ ਅਤੇ ਕਰਜ਼ਾ ਮੁਕਤੀ ਲਈ ਇੱਕਜੁੱਟ ਹੋ ਕੇ ਲੜਨਾ ਪਵੇਗਾ। ਪੰਜਾਂ ਪਿੰਡਾਂ ਦੇ ਕਿਸਾਨਾਂ ਨੇ ਜਥੇਬੰਦੀ ਦੀ ਅਗਵਾਈ ਵਿਚ ਹਰ ਸੰਘਰਸ਼ ਵਿਚ ਡਟ ਕੇ ਸਾਥ ਦੇਣ ਦਾ ਅਹਿਦ ਲਿਆ। ਇਸ ਮੌਕੇ ਜਗੀਰ ਸਿੰਘ ਖਹਿਰਾ, ਗੁਲਜ਼ਾਰ ਸਿੰਘ ਕਬਰਬੱਛਾ ਅਤੇ ਹੋਰ ਆਗੂ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।