ਭਿਆਨਕ ਹਾਦਸਾ: ਧੁੰਦ ਕਾਰਨ ਬੇਕਾਬੂ ਟਰੱਕ ਨੇ ਬੁਲਟ ਨੂੰ ਕੁਚਲਿਆ, ਦੋ ਘਰਾਂ ਦੇ ਚਿਰਾਗ ਬੁਝੇ
ਜ਼ੀਰਾ–ਝਤਰਾ ਰੋਡ ’ਤੇ ਸ਼ੁੱਕਰਵਾਰ ਸੰਘਣੀ ਧੁੰਦ ਇਕ ਦਰਦਨਾਕ ਸੜਕ ਹਾਦਸੇ ਦਾ ਕਾਰਨ ਬਣੀ, ਜਿੱਥੇ ਸਾਹਮਣੇ ਤੋਂ ਆ ਰਹੇ ਇਕ ਅਣਪਛਾਤੇ ਟਰੱਕ ਅਤੇ ਬੁਲਟ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
Publish Date: Sat, 17 Jan 2026 04:05 PM (IST)
Updated Date: Sat, 17 Jan 2026 04:09 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ,ਜ਼ੀਰਾ: ਜ਼ੀਰਾ–ਝਤਰਾ ਰੋਡ ’ਤੇ ਸ਼ੁੱਕਰਵਾਰ ਸੰਘਣੀ ਧੁੰਦ ਇਕ ਦਰਦਨਾਕ ਸੜਕ ਹਾਦਸੇ ਦਾ ਕਾਰਨ ਬਣੀ, ਜਿੱਥੇ ਸਾਹਮਣੇ ਤੋਂ ਆ ਰਹੇ ਇਕ ਅਣਪਛਾਤੇ ਟਰੱਕ ਅਤੇ ਬੁਲਟ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਮਹਿਕਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਸਦਾ ਰਿਸ਼ਤੇਦਾਰ ਪਰਮਿੰਦਰ ਸਿੰਘ (30) ਪੁੱਤਰ ਕੁਲਵੰਤ ਸਿੰਘ, ਵਾਸੀ ਪਿੰਡ ਆਸ਼ੀਕੇ ਜ਼ਿਲ੍ਹਾ ਫਿਰੋਜ਼ਪੁਰ, ਆਪਣੇ ਸਾਲੇ ਦੇ ਪੁੱਤਰ ਸੁਖਮਨਦੀਪ ਸਿੰਘ (15) ਪੁੱਤਰ ਜਤਿੰਦਰ ਸਿੰਘ, ਵਾਸੀ ਪਿੰਡ ਖਡੂਰ, ਨਾਲ ਬੁਲਟ ਮੋਟਰਸਾਈਕਲ ਨੰਬਰ ਪੀਬੀ-05 ਏ.ਡੀ.-3623 ’ਤੇ ਸਵਾਰ ਹੋ ਕੇ ਆਸ਼ੀਕੇ ਤੋਂ ਮੋਗਾ ਵੱਲ ਜਾ ਰਹੇ ਸਨ। ਜਦੋਂ ਉਹ ਜ਼ੀਰਾ ਦੇ ਪਿੰਡ ਝਤਰਾ ਨੇੜੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਦਿੱਖ ਘੱਟ ਹੋਣ ਦੇ ਚੱਲਦੇ ਸਾਹਮਣੇ ਤੋਂ ਆ ਰਹੇ ਇੱਕ ਅਣਪਛਾਤੇ ਟਰੱਕ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਬੁਲਟ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਦੁੱਖਦਾਈ ਗੱਲ ਇਹ ਹੈ ਕਿ ਮ੍ਰਿਤਕ ਪਰਮਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚਿਆਂ ਨੂੰ ਰੋਦਾ-ਵਿਲਾਪ ਕਰਦਾ ਛੱਡ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਜ਼ੀਰਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਫਰਾਰ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਭੇਜ ਦਿੱਤਾ ਗਿਆ ਹੈ।