ਸਹੁਰਿਆਂ ਤੋਂ ਤੰਗ ਲੜਕੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
ਸਹੁਰਿਆਂ ਤੋਂ ਤੰਗ ਆਈ ਲੜਕੀ ਨੇ ਜਹਿਰੀਲੀ ਚੀਜ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕੀਤੀ
Publish Date: Mon, 17 Nov 2025 07:03 PM (IST)
Updated Date: Mon, 17 Nov 2025 07:04 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਪਿੰਡ ਸੁੱਖੇਵਾਲਾ ਵਿਖੇ ਸਹੁਰਿਆਂ ਤੋਂ ਤੰਗ ਆਈ ਲੜਕੀ ਵੱਲੋਂ ਜਹਿਰੀਲੀ ਚੀਜ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਵਿਖੇ ਗੱਲਬਾਤ ਕਰਦਿਆਂ ਲੜਕੀ ਦੇ ਪਿਤਾ ਓਮ ਪ੍ਰਕਾਸ਼ ਅਤੇ ਮਾਤਾ ਜਸਵੀਰ ਕੌਰ ਵਾਸੀ ਗੁਰੂ ਤੇਗ ਬਹਾਦਰ ਨਗਰ, ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ ਇਕ ਸਾਲ ਪਹਿਲਾਂ ਆਪਣੀ ਲੜਕੀ ਕੋਮਲ ਕੌਰ (20) ਦਾ ਵਿਆਹ ਸਾਜਨ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਸੁੱਖੇਵਾਲਾ ਨਾਲ ਕੀਤਾ ਸੀ ਅਤੇ ਮਿਹਨਤ ਮਜਦੂਰੀ ਕਰਨ ਦੇ ਬਾਵਜੂਦ ਵੀ ਸਾਡੇ ਵੱਲੋਂ ਆਪਣੀ ਲੜਕੀ ਨੂੰ ਜ਼ਰੂਰਤ ਦਾ ਸਾਰਾ ਸਮਾਨ ਦਿੱਤਾ ਗਿਆ। ਲੜਕੀ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਆਏ ਦਿਨ ਲੜਕੀ ਦਾ ਪਤੀ ਸਾਜਨ, ਲੜਕੇ ਦਾ ਭਰਾ, ਨਨਾਣ ਅਤੇ ਸੱਸ ਸਾਡੀ ਲੜਕੀ ਤੋਂ ਪੈਸਿਆਂ ਦੀ ਮੰਗ ਕਰਦੇ ਸਨ ਅਤੇ ਪੈਸੇ ਨਾ ਦੇਣ ਤੇ ਉਸ ਦੀ ਕੁੱਟਮਾਰ ਕਰਦੇ ਸਨ, ਜਿਸ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਵੀ ਥਾਣਾ ਸਿਟੀ ਜ਼ੀਰਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਉਨ੍ਹਾਂ ਦੀ ਲੜਕੀ ਕੋਮਲ ਕੌਰ ਦਾ ਫੋਨ ਆਇਆ ਕਿ ਉਸ ਦੇ ਜੇਠ ਦੇ ਵਿਆਹ ਦੀ ਮੂਵੀ ਗੁੰਮ ਹੋ ਗਈ ਹੈ ਅਤੇ ਪਰਿਵਾਰਿਕ ਮੈਂਬਰ ਮੇਰੀ ਕੁੱਟਮਾਰ ਕਰ ਰਹੇ ਹਨ ਕਿ ਆਪਣੇ ਪਿਤਾ ਤੋਂ 25 ਹਜ਼ਾਰ ਰੁਪਏ ਲੈ ਕੇ ਦੇਵੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਸਾਨੂੰ ਪਿੰਡ ਸੁੱਖੇਵਾਲਾ ਦੇ ਵਸਨੀਕ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੀ ਲੜਕੀ ਨੇ ਕੋਈ ਜਹਿਰੀਲੀ ਚੀਜ ਨਿਗਲ ਲਈ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕਰ ਰਿਹਾ ਹੈ। ਮ੍ਰਿਤਕ ਲੜਕੀ ਦੇ ਪਿਤਾ ਓਮ ਪ੍ਰਕਾਸ਼ ਅਤੇ ਮਾਤਾ ਜਸਵੀਰ ਕੌਰ ਨੇ ਅੱਗੇ ਦੱਸਿਆ ਕਿ ਅਸੀਂ ਇਸ ਸਬੰਧੀ ਥਾਣਾ ਸਦਰ ਜ਼ੀਰਾ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਆਪਣੇ ਕਬਜੇ ਵਿਚ ਲੈ ਲਈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਰੱਖ ਦਿੱਤਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਜਦੋਂ ਥਾਣਾ ਸਦਰ ਜ਼ੀਰਾ ਦੇ ਐੱਸਐੱਚਓ ਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈਣ ਉਪਰੰਤ ਸਿਵਲ ਹਸਪਤਾਲ ਜ਼ੀਰਾ ਦੀ ਮੌਰਚਰੀ ਵਿਚ ਲਗਾਇਆ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।