ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਕਹਿਰ: ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, ਪਤੀ-ਪਤਨੀ ਗੰਭੀਰ ਜ਼ਖ਼ਮੀ
ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Publish Date: Thu, 21 May 2026 02:00 PM (IST)
Updated Date: Thu, 21 May 2026 02:02 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ। ਫਿਰੋਜ਼ਪੁਰ ਫਾਜਿਲਕਾ ਜੀਟੀ ਰੋਡ ਉੱਪਰ ਮੋਟਰਸਾਈਕਲ ਤੇ ਕਾਰ ਦੀ ਆਹਮੋ ਸਾਹਮਣੇ ਦੀ ਹੋਈ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਕਾਰ ਸਵਾਰ ਪਤੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਲਾਧੂਕਾ ਦੇ ਰਹਿਣ ਵਾਲੇ ਸਾਜਨ ਕੁਮਾਰ ਪੁੱਤਰ ਜਗਦੀਸ਼ ਸਿੰਘ ਅਤੇ ਵਿਸ਼ਾਲ ਕੁਮਾਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦਵਾਈ ਲੈਣ ਲਈ ਫਰੀਦਕੋਟ ਜਾ ਰਹੇ ਸਨ ,ਜਿਵੇਂ ਹੀ ਉਹ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਆਈ 20 ਕਾਰ ਨਾਲ ਉਨ੍ਹਾਂ ਦੀ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਨੌਜਵਾਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਹਾਦਸੇ ਵਿੱਚ ਕਾਰ ਸਵਾਰ ਗੁਰਜੀਤ ਸਿੰਘ ਪੁੱਤਰ ਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਵਾਸੀ ਗੁੱਜਰਵਾਲ ਲੁਧਿਆਣਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਹਾਦਸੇ ਦੀ ਖਬਰ ਮਿਲਦੇ ਹੀ ਥਾਣਾ ਅਮੀਰ ਖਾਸ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਮੰਡੀ ਲਾਧੂਕਾ ਇਲਾਕੇ ਵਿੱਚ ਗਮ ਦਾ ਮਾਹੌਲ ਹੈ। ਦੋਸਤਾਂ ਨਾਲ ਹੱਸਦੇ-ਖੇਡਦੇ ਘਰੋਂ ਨਿਕਲੇ ਨੌਜਵਾਨਾਂ ਦੀਆਂ ਲਾਸ਼ਾਂ ਵਾਪਸ ਆਉਣ ਦੀ ਖਬਰ ਨੇ ਪਰਿਵਾਰਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇਲਾਕਾ ਵਾਸੀਆਂ ਨੇ ਸੜਕ ਹਾਦਸਿਆਂ ਵਿੱਚ ਵੱਧ ਰਹੀਆਂ ਮੌਤਾਂ ’ਤੇ ਚਿੰਤਾ ਜਤਾਉਂਦੇ ਹੋਏ ਪ੍ਰਸ਼ਾਸਨ ਤੋਂ ਸੜਕ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ