ਫਿਰੋਜ਼ਪੁਰ ਬਣੇਗਾ ‘ਟੂਰਿਜ਼ਮ ਡੈਸਟੀਨੇਸ਼ਨ’ ਤੇ ‘ਪੀਜੀਆਈ’ ’ਚ ਮਿਲੇਗਾ ਸਸਤਾ ਇਲਾਜ
ਫਿਰੋਜ਼ਪੁਰ ਬਣੇਗਾ ‘ਟੂਰਿਜ਼ਮ ਡੈਸਟੀਨੇਸ਼ਨ’ ਅਤੇ ‘ਪੀਜੀਆਈ ’ ’ਚ ਮਿਲੇਗਾ ਸਸਤਾ ਇਲਾਜ
Publish Date: Wed, 31 Dec 2025 07:17 PM (IST)
Updated Date: Wed, 31 Dec 2025 07:20 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਬੀਤਿਆ ਸਾਲਾ 2025 ਭਾਵੇਂ ਫਿਰੋਜ਼ਪੁਰ ਲਈ ਕੋਈ ਬਹੁਤਾ ਚੰਗਾ ਨਹੀਂ ਰਿਹਾ ,ਪਰ ਆਉਂਦੇ ਸਾਲ 2026 ਤੋਂ ਫਿਰੋਜ਼ਪੁਰ ਵਾਸੀਆਂ ਨੂੰ ਬਹੁਤ ਉਮੀਂਦਾ ਹਨ।ਭਾਵੇਂ ਕਿ ਪੰਜਾਬ ਸਰਕਾਰ ਦੀ ਪਹਿਲ ‘ਸਿਹਤ ਅਤੇ ਸਿੱਖਿਆ’ ਰਹੀ ਹੈ, ਪਰ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਪਹਿਲੋਂ ਹੀ ਪੰਜਾਬੀ ਜਾਗਰਣ ਵੱਲੋਂ ਪੰਜਾਬ ਟੂਰਿਜ਼ਮ ,ਖਾਸ ਕਰਕੇ ਫਿਰੋਜ਼ਪੁਰ ਵਿਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਸਬੰਧੀ ਸਮੇਂ ਸਮੇਂ ’ਤੇ ਪ੍ਰਕਾਸ਼ਿਤ ਕੀਤੇ ਜਾਣ ਮਗਰੋਂ ਸਥਾਨਕ ਨੇਤਾਵਾਂ ਵੱਲੋਂ ਇਸ ਇਸ ‘ਪੁਆਇੰਟ ਆਫ ਵਿਊ’ ਨਾਲ ਫਿਰੋਜ਼ਪੁਰ ਨੂੰ ਤਰੱਕੀ ਦੇ ਰਾਹੇ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ। ਇਸੇ ਸਿਲਸਿਲੇ ਵਿਚ ਜਿਥੇ ਫਿਰੋਜ਼ਪੁਰ ਸ਼ਹਿਰ ਵਿਖੇ ਸਾਰਾਗੜ੍ਹੀ ਯਾਦਗਾਰ ਅਤੇ ਮਿਊਜ਼ਿਅਮ ਦਾ ਉਦਘਾਟਨ ਹੋਇਆ ਹੈ,ਉਥੇ ਐਂਗਲੋ ਸਿੱਖ ਵਾਰ ਮੈਮੋਰੀਅਲ ਦੀ ਵੀ ਕਾਇਆ ਕਲਪ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਵੇਂ ਸਾਲ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਆਗਾਜ਼ ਅਤੇ ਰੇਲਵੇ ਵੱਲੋਂ ਆਉਂਦੇ ਦਿਨਾਂ ਵਿਚ ਨਵੀਆਂ ਰੇਲਾਂ ਦੇ ਕੀਤੇ ਵਾਅਦੇ 2026 ਵਿਚ ਪੂਰੇ ਹੋਣ ਦੀ ਉਮੀਦ ਹੈ। ਲਗਾਤਾਰ ਤੀਜੇ ਸਾਲ ਹੋ ਰਿਹਾ ਬਸੰਤ ਮੇਲਾ ‘ਹੈਰੀਟੇਜ਼ ਤੇ ਟੂਰਿਜ਼ਮ’ ਨੂੰ ਕਰੇਗਾ ਪ੍ਰਮੋਟ ਆਉਂਦੀ 16-17 ਜਨਵਰੀ ਨੂੰ ਕਰਵਾਇਆ ਜਾ ਰਿਹਾ ਫਿਰੋਜ਼ਪੁਰ ਦਾ ਵਿਸ਼ਵ ਪੱਧਰੀ ਮਸ਼ਹੂਰ ਬਸੰਤ ਮੇਲਾ ਆਪਣੇ ਤੀਜੇ ਸਾਲ ਵਿਚ ਦਾਖਲ ਹੋ ਗਿਆ ਹੈ। ਸੂਬਾ ਸਰਕਾਰ ਵੱਲੋਂ ਇਸ ਨੂੰ ਲਗਾਤਾਰ ਕਰਵਾਇਆ ਜਾਣਾ ਸਰਕਾਰ ਦੀ ਵਿਰਾਸਤੀ ਟੂਰਿਜ਼ਮ ਪ੍ਰਤੀ ਇੱਛਾ ਸ਼ੱਕਤੀ ਦਾ ਪ੍ਰਗਟਾਵਾ ਕਰਦਾ ਹੈ। ਇੰਨ੍ਹਾਂ ਮੇਲਿਆਂ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਭਾਗੀਦਾਰ ਤਾਂ ਆਉਂਦੇ ਹੀ ਹਨ,ਸਗੋਂ ਹਰਿਆਣਾ,ਰਾਜਸਥਾਨ ਅਤੇ ਗੁਜਰਾਤ ਤੋਂ ਵੀ ਕਈ ਬੱਸਾਂ ਵਿਚ ਸੈਲਾਨੀ ਆਉਂਦੇ ਰਹੇ ਹਨ। ਹੂਸੈਨੀਵਾਲਾ ਨੂੰ ਦਿੱਤਾ ਜਾ ਰਿਹਾ ਹੈ ‘ਬਾਰਡਰ ਟੂਰਿਜ਼ਮ ਅਤੇ ਦੇਸ਼ ਭਗਤੀ’ ਦੇ ਸੁਮੇਲ ਦਾ ਰੰਗ ਦੁਨੀਆਂ ਦੇ ਕਈ ਛੋਟੇ ਛੋਟੇ ਦੇਸ਼ ਸਿਰਫ ‘ਟੂਰਿਜ਼ਮ ਇੰਡਸਟਰੀ ’ ਦੇ ਸਿਰ ’ਤੇ ਹੀ ਰੋਟੀ ਖਾ ਰਹੇ ਹਨ। ਇਸ ਲਈ ਸੂਬਾ ਸਰਕਾਰ ਵੀ ਕਾਫੀ ਉਪਰਾਲੇ ਕਰ ਰਹੀ ਹੈ। ਹੂਸੈਨੀ ਵਾਲਾ ਨੂੰ ਬਾਰਡਰ ਟੂਰਿਜ਼ਮ ਦੇ ਨਾਲ ਨਾਲ ਸ਼ਹੀਦੀ ਯਾਦਗਾਰਾਂ ਕਾਰਣ ਸੈਲਾਨੀਆਂ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗਦਾ ਹੈ। ਕੇਂਦਰ ਸਰਕਾਰ ਵੱਲੋਂ ਹੁਸੈਨੀਵਾਲਾ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਹੋਇਆ ਹੈ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੁਸੈਨੀਵਾਲਾ ਵਿੱਚ ਬਕਾਇਦਾ ਇਕ ਡਿਵੈਲਪਮੈਂਟ ਪਲਾਨ ਦੇ ਤਹਿਤ ਫੁਹਾਰੇ , ਸੀਸੀਟੀਵੀ ਕੈਮਰਿਆਂ ,ਗਲੀ ਦੇ ਵਿਕਾਸ ਅਤੇ ਡਿਜੀਟਲ ਪ੍ਰੋਜੈਕਸ਼ਨ ਅਤੇ ਹੋਰ ਕਈ ਤਰਾਂ ਦੀਆਂ ਯੋਜਨਾਵਾਂ 2026 ਵਿਚ ਪੱਕੇ ਪੈਰੀਂ ਹੋਣ ਦੀ ਸੰਭਾਵਨਾ ਹੈ। 10 ਕਰੋੜ ਦੀ ਲਾਗਤ ਨਾਲ ‘ਐਂਗਲੋ-ਸਿੱਖ ਜੰਗੀ ਯਾਦਗਾਰ’ ਨੂੰ ਦਿੱਤੀ ਜਾ ਰਹੀ ਹੈ ਨਵੀਂ ਦਿੱਖ ਅੰਗਰੇਜਾਂ ਅਤੇ ਸਿੱਖਾਂ ਵਿਚਾਲੇ ਪਹਿਲੀ ਲੜਾਈ ਦੀ ਗਵਾਹ ਧਰਤੀ ਫਿਰੋਜ਼ਸ਼ਾਹ ਵਿਖੇ ਸਥਿੱਤ ‘ਐਂਗਲੋ-ਸਿੱਖ ਜੰਗੀ ਯਾਦਗਾਰ’ ਬੀਤੇ ਕਈ ਸਾਲਾਂ ਤੋਂ ਮੰਦਹਾਲੀ ’ਚੋਂ ਗੁਜਰ ਰਹੀ ਸੀ , ਇਸ ਯਾਦਗਾਰ ਲਈ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ₹9.98 ਕਰੋੜ ਰੁਪਏ ਦੀ ਲਾਗਤ ਨਾਲ ਇਸ ਦੀ ਦਿੱਖ ਸੰਵਾਰੀ ਜਾ ਰਹੀ ਹੈ ,ਜੋ ਮਈ 2026 ਤੋਂ ਪਹਿਲੋਂ ਮੁਕੰਮਲ ਹੋ ਜਾਏਗਾ। ਪੀਜੀਆਈ ਸੈਟੇਲਾਈਟ ਸੈਂਟਰ ਨਾਲ ਮਿਲੇਗਾ ‘ਮੈਡੀਕਲ ਮਾਫੀਆ’ ਤੋਂ ਛੁਟਕਾਰਾ ਸਾਲ 2013 ਵਿਚ ਕੇਂਦਰ ਦੀ ਯੂਪੀਏ ਸਰਕਾਰ ਵੱਲੋਂ ਐਲਾਣਨਿਆ ਫਿਰੋਜ਼ਪੁਰ ਦਾ ਪੀਜੀਆਈ ਬੀਤੇ ਕਈ ਸਾਲਾਂ ਦੀਆਂ ਅੜਚਣਾਂ ਦੇ ਬਾਅਦ ਬੀਤੇ ਸਾਲ ਬਣਨਾ ਸ਼ੁਰੂ ਹੋਇਆ ਤਾਂ ਅਪ੍ਰੈਲ 2026 ਤੱਕ ਇਸ ਦੇ ਪਹਿਲੇ ਪੜਾਅ ਦੇ ਪੂਰੇ ਹੋਣ ਦੀ ਸੰਭਾਵਨਾ ਹੈ। ਪਹਿਲੇ ਪੜਾਅ ਬਾਅਦ ਲੋਕਾਂ ਨੂੰ ੳਪੀਡੀ ਦੀ ਸਹੂਲਤ ਮਿਲਣੀ ਸ਼ੁਰੂ ਹੋ ਜਾਏਗੀ । 100 ਬੈਡ ਵਾਲੇ ਇਸ ਹਸਪਤਾਲ ਨਾਲ ਲੋਕਾਂ ਨੂੰ ਮੈਡੀਕਲ ਮਾਫੀਆ ਤੋਂ ਛੁਟਕਾਰਾ ਮਿਲੇਗਾ। 2026 ’ਚ ਹੋਵੇਗਾ ਸ਼ਹਿਰ ਸੁੰਦਰੀਕਰਨ ਮੁਕੰਮਲ ਅਮਰੂਤ ਸ਼ਹਿਰ ਯੋਜਨਾ ਦੇ ਤਹਿਤ ਕਰੋੜਾਂ ਰੁਪਏ ਦੀ ਲਾਗਤ ਨਾਲ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ , ਜੋ ਕਿ 2026 ਤੱਕ ਪੂਰਾ ਹੋਣ ਦੀ ਉਮੀਦ ਹੈ। ਪੱਟੀ ਰੇਲ ਲਿੰਕ ਪ੍ਰਾਜੈਕਟ ਬੀਤੇ 12 ਸਾਲਾਂ ਤੋਂ ਲਟਕ ਰਹੇ ਫਿਰੋਜ਼ਪੁਰ ਪੱਟੀ ਰੇਲ ਲਿੰਕ ਦੇ ਪੂਰੇ ਹੋਣ ਦੀ ਸੰਭਾਵਨਾ ਹੈ। 24.72 ਕਿਲੋਮੀਟਰ ਰੇਲਵੇ ਲਾਈਨ ਦੇ ਨਿਰਮਾਣ ਲਈ ਹੁਣ ਜ਼ਮੀਨ ਖਰੀਦਣ ਲਈ ਵੀ ਅਦਾਇਗੀ ਰੇਲਵੇ ਵੱਲੋਂ ਕੀਤੀ ਜਾਏਗੀ । ਇਹ ਪ੍ਰੋਜੈਕਟ 2026 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਫਿਰੋਜ਼ਪੁਰ-ਚੰਡੀਗੜ੍ਹ ਵੰਦੇ ਭਾਰਤ ਫਿਰੋਜ਼ਪੁਰ ਤੋਂ ਚੰਡੀਗੜ੍ਹ ਤੱਕ ਵੰਦੇ ਭਾਰਤ ਰੇਲਗੱਡੀ ਮਾਰਚ 2026 ਤੱਕ ਚਾਲੂ ਹੋਣ ਦੀ ਉਮੀਦ ਹੈ। ਇਸ ਰੇਲਗੱਡੀ ਨਾਲ ਯਾਤਰੀਆਂ ਨੂੰ ਕਾਫ਼ੀ ਫਾਇਦਾ ਹੋਵੇਗਾ। ਮੱਲਾਂਵਾਲ ਮਾਰਗ ਤੋਂ ਫਾਜ਼ਿਲਕਾ ਮਾਰਗ ਨੂੰ ਜੋੜਣ ਲਈ ਬਾਈਪਾਸ ਦੀ ਉਮੀਦ ਮੱਲਾਂਵਾਲ ਮਾਰਗ ਦੇ ਪਿੰਡ ਸੋਢੇ ਵਾਲਾ ਕੋਲੋਂ ਫਾਜ਼ਿਲਕਾ ਮਾਰਗ ’ਤੇ ਪਿੰਡ ਛੀਂਬੀ ਵਾਲਾ ਤੋਂ ਜੰਮੂ ਕਾਂਡਲਾ ਪੋਰਟ ਨੂੰ ਜੋੜਣ ਲਈ ਫਿਰੋਜ਼ਪੁਰ ਸ਼ਹਿਰ ਬਾਈਪਾਸ ਦੀ 2026 ਵਿਚ ਬਣਨ ਦੀ ਉਮੀਦ ਹੈ।ਇਸ ਨਾਲ ਜੰਮੂ ਕਸ਼ਮੀਰ ਤੋਂ ਗੁਜਰਾਤ ਤੱਕ ਟਰੈਫਿਕ ਕਾਫੀ ਸੁਧਰਨ ਦੀ ਸੰਭਾਵਨਾ ਹੈ।