ਨਹਿਰ ਵਿੱਚ ਸੁੱਟੀ ਗਈ ਲੜਕੀ ਨੇ ਦੱਸਿਆ ਕਿ ਜਦੋਂ ਉਸਨੂੰ ਧੱਕਾ ਦਿੱਤਾ ਗਿਆ ਤਾਂ ਉਸਦੇ ਹੱਥ ਅਚਾਨਕ ਖੁੱਲ੍ਹ ਗਏ ਅਤੇ ਥੋੜ੍ਹੀ ਦੂਰ ਨਹਿਰ ਦੇ ਕਿਨਾਰੇ ਪਈ ਇੱਕ ਰੱਸੀ ਉਸਦੇ ਹੱਥ ਆ ਗਈ, ਜਿਸ ਨੂੰ ਫੜ ਕੇ ਉਹ ਬੜੀ ਮੁਸ਼ਕਿਲ ਨਾਲ ਪਾਣੀ ਵਿੱਚੋਂ ਬਾਹਰ ਆਈ ਅਤੇ ਆਪਣੀ ਜਾਨ ਬਚਾਈ।

ਪਰਮਿੰਦਰ ਸਿੰਘ ਥਿੰਦ , ਪੰਜਾਬੀ ਜਾਗਰਣ, ਫਿਰੋਜ਼ਪੁਰ : ਕਰੀਬ ਤਿੰਨ ਮਹੀਨੇ ਪਹਿਲਾਂ ਇਕ ਪਿਤਾ ਵੱਲੋਂ ਹੱਥ ਪੈਰ ਬੰਨ ਕੇ ਨਹਿਰ ਵਿੱਚ ਰੋਹੜ ਦਿੱਤੀ ਗਈ ਫ਼ਿਰੋਜ਼ਪੁਰ ਦੀ ਇਕ ਲੜਕੀ ਅੱਜ ਅਚਾਨਕ ਜ਼ਿੰਦਾ ਮਿਲ ਗਈ।
ਤਿੰਨ ਮਹੀਨਿਆਂ ਤੋਂ ਲਾਪਤਾ ਰਹਿਣ ਤੋਂ ਬਾਅਦ ਨਹਿਰ ਵਿੱਚ ਸੁੱਟੀ ਗਈ ਲੜਕੀ ਅਚਾਨਕ ਸਾਹਮਣੇ ਆ ਗਈ ਹੈ ਅਤੇ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੈਮਰੇ ਦੇ ਸਾਹਮਣੇ ਉਕਤ ਲੜਕੀ ਨੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਦੱਸਿਆ ਕਿ ਕਿਵੇਂ ਉਸਨੇ ਆਪਣੇ ਪਿਤਾ ਵੱਲੋਂ ਨਹਿਰ ਵਿੱਚ ਧੱਕੇ ਜਾਣ ਤੋਂ ਬਾਅਦ ਆਪਣੀ ਜਾਨ ਬਚਾਈ ਸੀ। ਇਸ ਲੜਕੀ ਨੇ ਕਿਹਾ ਕਿ ਉਸਦੇ ਪਰਿਵਾਰ ਵੱਲੋਂ ਉਸ 'ਤੇ ਲਗਾਏ ਗਏ ਦੋਸ਼ ਸੱਚ ਨਹੀਂ ਹਨ। ਉਹ ਹਮੇਸ਼ਾ ਇੱਕ ਲੜਕੇ ਦੀ ਤਰ੍ਹਾਂ ਆਪਣੇ ਪਰਿਵਾਰ ਦੇ ਹਰ ਸੁੱਖ-ਦੁੱਖ ਵਿੱਚ ਨਾਲ ਰਹੀ ਹੈ ਅਤੇ ਪਰਿਵਾਰ ਲਈ ਸਖ਼ਤ ਮਿਹਨਤ ਕੀਤੀ ਹੈ।
ਲੜਕੀ ਨੇ ਕਥਿਤ ਤੌਰ 'ਤੇ ਆਪਣੀ ਮਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦੇ ਪਿਤਾ ਨੂੰ ਉਸਦੀ ਮਾਂ ਨੇ ਉਕਸਾਇਆ ਸੀ ਅਤੇ ਉਸਦੇ ਕਹਿਣ 'ਤੇ ਹੀ ਪਿਤਾ ਨੇ ਉਸਨੂੰ ਨਹਿਰ ਵਿੱਚ ਧੱਕਾ ਦਿੱਤਾ ਸੀ। ਉਸਨੇ ਦੱਸਿਆ ਕਿ ਉਸ ਸਮੇਂ ਉਸਦਾ ਪਿਤਾ ਨਸ਼ੇ ਵਿੱਚ ਸੀ। ਨਹਿਰ ਵਿੱਚ ਸੁੱਟੀ ਗਈ ਲੜਕੀ ਨੇ ਦੱਸਿਆ ਕਿ ਜਦੋਂ ਉਸਨੂੰ ਧੱਕਾ ਦਿੱਤਾ ਗਿਆ ਤਾਂ ਉਸਦੇ ਹੱਥ ਅਚਾਨਕ ਖੁੱਲ੍ਹ ਗਏ ਅਤੇ ਥੋੜ੍ਹੀ ਦੂਰ ਨਹਿਰ ਦੇ ਕਿਨਾਰੇ ਪਈ ਇੱਕ ਰੱਸੀ ਉਸਦੇ ਹੱਥ ਆ ਗਈ, ਜਿਸ ਨੂੰ ਫੜ ਕੇ ਉਹ ਬੜੀ ਮੁਸ਼ਕਿਲ ਨਾਲ ਪਾਣੀ ਵਿੱਚੋਂ ਬਾਹਰ ਆਈ ਅਤੇ ਆਪਣੀ ਜਾਨ ਬਚਾਈ।
ਲੜਕੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਉਹ ਕਿੱਥੇ, ਕਿਵੇਂ ਅਤੇ ਕਿਸ ਦੇ ਨਾਲ ਸੀ। ਲੜਕੀ ਦਾ ਕਹਿਣਾ ਹੈ ਕਿ ਰੱਬ ਦੀ ਕਿਰਪਾ ਨਾਲ ਉਸਦੀ ਜਾਨ ਬਚ ਗਈ ਹੈ ਅਤੇ ਹੁਣ ਉਹ ਆਪਣੇ ਪਿਤਾ ਨੂੰ ਜੇਲ੍ਹ ਵਿੱਚੋਂ ਛੁਡਾਉਣ ਲਈ ਅੱਗੇ ਆਈ ਹੈ। ਉਸਨੇ ਕਿਹਾ ਕਿ ਜੇਕਰ ਉਸਦੇ ਪਿਤਾ ਜੇਲ੍ਹ ਵਿੱਚੋਂ ਬਾਹਰ ਨਾ ਆਏ ਤਾਂ ਉਸਦੇ ਹੋਰ ਭੈਣ-ਭਰਾ ਰੁਲ਼ ਜਾਣਗੇ ਕਿਉਂਕਿ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਇਹ ਵਾਕਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਕੋਈ ਤਿੰਨ ਮਹੀਨੇ ਬਾਅਦ ਅਚਾਨਕ ਜਿਉਂਦਾ ਵਾਪਸ ਆ ਗਿਆ ਹੋਵੇ।
ਜ਼ਿਕਰਯੋਗ ਹੈ ਕੀ ਕਰੀਬ ਤਿੰਨ ਮਹੀਨੇ ਪਹਿਲੋਂ ਇਕ ਲੜਕੀ ਨੂੰ ਉਸਦੇ ਪਿਤਾ ਵੱਲੋਂ ਨਸ਼ੇ ਦੀ ਹਾਲਤ ਵਿਚ ਉਸਦੀ ਮਾਂ ਅਤੇ ਭੈਣਾਂ ਦੇ ਸਾਹਮਣੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਉਕਤ ਘਟਨਾ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਜਿੱਥੇ ਪੁਲਿਸ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ , ਉੱਥੇ ਲੜਕੀ ਦੇ ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ ਕਰਦਿਆਂ ਉਹ ਜੇਲ ਭੇਜ ਦਿੱਤਾ ਗਿਆ ਸੀ। ਹਾਲਾਂਕਿ ਉਕਤ ਮਾਮਲੇ ਵਿੱਚ ਪੁਲਿਸ ਹੁਣ ਤੱਕ ਨਹਿਰ ਵਿੱਚੋਂ ਲੜਕੀ ਦੀ ਲਾਸ਼ ਬਰਾਮਦ ਨਹੀਂ ਕਰ ਸਕੀ ਸੀ, ਪਰ ਲੜਕੀ ਦੇ ਕਤਲ ਦੇ ਮਾਮਲੇ ਵਿੱਚ ਉਸਦਾ ਪਿਤਾ ਫਿਲਹਾਲ ਜੇਲ੍ਹ ਵਿੱਚ ਬੰਦ ਹੈ।