ਦੁਪਹਿਰ ਮੀਡੀਆ ਗਰੁੱਪਾਂ ਵਿਚ ਸਰਕੁਲੇਟ ਹੋਏ ਇਕ ਟਾਈਪ ਕੀਤੇ ਹੋਏ ਬਿਆਨ ਜਰੀਏ ਕਥਿਤ ਕਮਾਂਡਰ ਪਰਮਜੀਤ ਸਿੰਘ ਵੱਲੋਂ ਇਹ ਦੱਸਿਆ ਗਿਆ ਕਿ ਉਹ ‘ਸ਼ੇਰ-ਏ-ਪੰਜਾਬ ਬ੍ਰਿਗੇਡ’ ਦੀ ਸਥਾਪਨਾ ਦਾ ਐਲਾਨ ਕਰਦੇ ਹਨ ਅਤੇ ਸਿੱਖਾਂ ਦੀ ਆਜ਼ਾਦੀ ਦਾ ਵਿਰੋਧ ਕਰਨ ਕਰਕੇ ਉਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਜਾਂਚ ਪ੍ਰਭਾਵਿਤ ਕਰਨ ਲਈ ਕੀਤੀ ਕੋਸ਼ਿਸ਼ ਹੋ ਸਕਦੀ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸ਼ਨੀਚਰਵਾਰ ਦੇਰ ਸ਼ਾਮ ਸਥਾਨਕ ਆਰਐੱਸਐੱਸ ਆਗੂ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਪੂਰੀ ਸ਼ਿੱਦਤ ਨਾਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਮੁਤਾਬਿਕ ਨਵੀਨ ਅਰੋੜਾ ਦੇ ਕਾਤਲਾਂ ਨੂੰ ਫੜਣ ਲਈ ਜ਼ਿਲ੍ਹਾ ਪੁਲਿਸ ਵੱਲੋਂ 9 ਟੀਮਾਂ ਬਣਾ ਕੇ ਵੱਖ ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੂਤਰਾਂ ਮੁਤਾਬਿਕ ਪੁਲਿਸ ਵੱਲੋਂ ਇਲਾਕੇ ਦੀਆਂ ਸੀਸੀਟੀਵੀ ਫੁਟੇਜ਼ ਤੋਂ ਇਲਾਵਾ ‘ਟੈਕਨੀਕਲ ਸੋਰਸਸ ਅਤੇ ਹਿਊਮਨ ਇੰਟੈਲੀਜੈਂਸ’ ਜਰੀਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਐਤਵਾਰ ਦੇਰ ਸ਼ਾਮ ਨਵੀਨ ਅਰੋੜਾ ਦਾ ਸਥਾਨਕ ਜ਼ੀਰਾ ਗੇਟ ਸ਼ਮਸ਼ਾਨਘਾਟ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ ਜਿੱਥੇ ਸਮਾਜਿਕ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਵੀਨ ਅਰੋੜਾ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਉਧਰ ਇਸ ਸਬੰਧੀ ਪੁਲਿਸ ਵੱਲੋਂ ਦੋ ਅਣਪਛਾਤੇ ਲੋਕਾਂ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਸ਼ਿਕਾਇਤਕਰਤਾ ਬਲਦੇਵ ਕ੍ਰਿਸ਼ਨ ਪੁੱਤਰ ਦੀਨਾ ਨਾਥ ਵਾਸੀ ਮੁਹੱਲਾ ਸੋਢੀਆਂ ਵਾਲਾ ਨੇ ਦੱਸਿਆ ਕਿ ਉਸਦਾ ਬੇਟਾ ਨਵੀਨ ਕੁਮਾਰ (30 ਸਾਲ) ਜਦੋਂ ਬੀਤੀ 15 ਨਵੰਬਰ ਨੂੰ ਸ਼ਾਮ 7.15 ਵਜੇ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਉਸਦੇ ਪਿੱਛੇ ਇੱਕ ਹੋਰ ਮੋਟਰਸਾਈਕਲ ’ਤੇ ਦੋ ਨੌਜਵਾਨ ਆ ਰਹੇ ਸਨ, ਜਿਨ੍ਹਾਂ ਦੇ ਹੱਥ ਵਿਚ ਪਿਸਤੌਲ ਫੜ੍ਹੀ ਹੋਈ ਸੀ। ਪੀੜਤ ਨੇ ਦੱਸਿਆ ਕਿ ਉਸਦੇ ਦੇਖਦੇ-ਦੇਖਦੇ ਹੀ ਮੋਟਰਸਾਈਕਲ ’ਤੇ ਸਵਾਰ ਨੌਜਵਾਨ, ਜਿਸਨੇ ਕਾਲੀ ਹੂਡੀ ਪਹਿਨੀ ਹੋਈ ਸੀ, ਨੇ ਉਸਦੇ ਬੇਟੇ ਨਵੀਨ ਕੁਮਾਰ ਨੂੰ ਗੋਲ਼ੀ ਮਾਰ ਦਿੱਤੀ ਅਤੇ ਉੱਥੋਂ ਫ਼ਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੇਟੇ ਨੂੰ ਬਾਗੀ ਹਸਪਤਾਲ ਫਿਰੋਜ਼ਪੁਰ ਵਿਚ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਜਾਂਚ ਨੂੰ ਭਟਕਾਉਣ ਲਈ ਖ਼ਾਲਿਸਤਾਨੀ ਐਂਗਲ ਦੇਣ ਦੀ ਕੋਸ਼ਿਸ਼
ਬੀਤੀ ਦੇਰ ਰਾਤ ਤੋਂ ਐਤਵਾਰ ਦਿਨ ਭਰ ਤੱਕ ਜਿਥੇ ਪੁਲਿਸ ਦੋਸ਼ੀਆਂ ਨੂੰ ਫੜਣ ਲਈ ਪੱਬਾਂ ਭਾਰ ਨਜ਼ਰ ਆਈ ਤਾਂ ਉਥੇ ਪੁਲਿਸ ਜਾਂਚ ਨੂੰ ਭਟਕਾਉਣ ਲਈ ਇਸ ਕਤਲਕਾਂਡ ਨੂੰ ਖ਼ਾਲਿਸਤਾਨੀ ਐਂਗਲ ਦੇਣ ਦੀ ਕਥਿੱਤ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਤਵਾਰ ਬਾਅਦ ਦੁਪਹਿਰ ਮੀਡੀਆ ਗਰੁੱਪਾਂ ਵਿਚ ਸਰਕੁਲੇਟ ਹੋਏ ਇਕ ਟਾਈਪ ਕੀਤੇ ਹੋਏ ਬਿਆਨ ਜਰੀਏ ਕਥਿਤ ਕਮਾਂਡਰ ਪਰਮਜੀਤ ਸਿੰਘ ਵੱਲੋਂ ਇਹ ਦੱਸਿਆ ਗਿਆ ਕਿ ਉਹ ‘ਸ਼ੇਰ-ਏ-ਪੰਜਾਬ ਬ੍ਰਿਗੇਡ’ ਦੀ ਸਥਾਪਨਾ ਦਾ ਐਲਾਨ ਕਰਦੇ ਹਨ ਅਤੇ ਸਿੱਖਾਂ ਦੀ ਆਜ਼ਾਦੀ ਦਾ ਵਿਰੋਧ ਕਰਨ ਕਰਕੇ ਉਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਜਾਂਚ ਪ੍ਰਭਾਵਿਤ ਕਰਨ ਲਈ ਕੀਤੀ ਕੋਸ਼ਿਸ਼ ਹੋ ਸਕਦੀ ਹੈ।
ਸੁਖਬੀਰ ਬਾਦਲ ,ਰਵਨੀਤ ਬਿੱਟੂ, ਸੁਨੀਲ ਜਾਖੜ ਅਤੇ ਤਰੁਣ ਚੁੱਘ ਨੇ ਸਰਕਾਰ ਨੂੰ ਘੇਰਿਆ
ਵੱਖ ਵੱਖ ਸਿਆਸੀ ਆਗੂਆਂ ਵੱਲੋਂ ਨਵੀਨ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁੱਣ ਚੁੱਘ , ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਅਕਾਲੀ ਸੁਪ੍ਰੀਮੋ ਸੁਖਬੀਰ ਸਿੰਘ ਬਾਦਲ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਜਿੱਥੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ,ਉਥੇ ਸੂਬੇ ਦੇ ‘ਲਾਅ ਐਂਡ ਆਰਡਰ’ ਨੂੰ ਪੂਰੀ ਤਰਾਂ ਨਾਕਾਮ ਕਰਾਰ ਦਿੱਤਾ। ਭਾਜਪਾ ਆਗੂਆਂ ਨੇ ਤਾਂ ਇਥੋਂ ਤੱਕ ਕੇਂਦਰ ਤੋਂ ਦਖਲ ਦੀ ਮੰਗ ਵੀ ਕਰ ਦਿੱਤੀ।ਸੁਖਬੀਰ ਬਾਦਲ ਨੇ ਐਕਸ ’ਤੇ ਪੋਸਟ ਪਾ ਕੇ ਦੱਸਿਆ ਕਿ ਮੌਜ਼ੂਦਾ ਸਮੇਂ ਪੰਜਾਬ ਵਿਚ ਜੰਗਲ ਰਾਜ ਹੈ।ਇਥੋਂ ਤੱਕ ਕਿ ਪੰਜਾਬ ਦੀ ਭਾਈਚਾਰਕ ਸਾਂਝ ਖਤਰੇ ਵਿਚ ਹੈ।