ਸਰਹੱਦ 'ਤੇ ਦਰਦਨਾਕ ਹਾਦਸਾ: ਪਾਕਿਸਤਾਨ ਜਾਣ ਦੇ ਲਾਲਚ ਨੇ ਲਈ ਦੋ ਨੌਜਵਾਨਾਂ ਦੀ ਜਾਨ, ਦਰਿਆ 'ਚ ਡੁੱਬਣ ਨਾਲ ਮੌਤ
ਦਰਿਆ ਡੂੰਘਾ ਹੋਣ ਕਾਰਨ ਦੋਵੇਂ ਨੌਜਵਾਨ ਪਾਣੀ ਵਿਚ ਡੁੱਬ ਗਏ। ਇਸ ਹਾਦਸੇ ਵਿਚ ਮੁਖਤਿਆਰ ਸਿੰਘ ਅਤੇ ਮਨਪ੍ਰੀਤ ਸਿੰਘ ਦੋਵਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਗੰਗਾ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Publish Date: Thu, 14 May 2026 10:38 AM (IST)
Updated Date: Thu, 14 May 2026 10:40 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬ ਵਾਲਾ ਵਿਚ ਦਰਿਆ ਪਾਰ ਕਰਦਿਆਂ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਪੁਲਿਸ ਅਨੁਸਾਰ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਨੌਜਵਾਨਾਂ ਨੂੰ ਲਾਲਚ ਦੇ ਕੇ ਪਾਕਿਸਤਾਨ ਵਾਲੇ ਪਾਸੇ ਭੇਜਣ ਲਈ ਦਰਿਆ ਵਿਚ ਉਤਾਰਿਆ ਸੀ, ਜਿੱਥੇ ਪਾਣੀ ਡੂੰਘਾ ਹੋਣ ਕਾਰਨ ਉਹ ਆਪਣੀ ਜਾਨ ਗੁਆ ਬੈਠੇ। ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ 105 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਗੰਗਾ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਹਬੀਬ ਵਾਲਾ ਨੇ ਬੀਤੀ 2 ਅਤੇ 3 ਮਈ 2026 ਦੀ ਦਰਮਿਆਨੀ ਰਾਤ ਨੂੰ ਪਿੰਡ ਦੇ ਹੀ ਦੋ ਨੌਜਵਾਨਾਂ ਨੂੰ ਪਾਕਿਸਤਾਨ ਦੇ ਉਸ ਪਾਰ ਦੇ ਲਾਲਚ ਵਿਚ ਫਸਾਇਆ ਸੀ।
ਮ੍ਰਿਤਕਾਂ ਦੀ ਪਛਾਣ ਮੁਖਤਿਆਰ ਸਿੰਘ (20 ਸਾਲ) ਪੁੱਤਰ ਨਿਰੰਜਨ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮੰਨੂੰ (35 ਸਾਲ) ਪੁੱਤਰ ਬਲਦੇਵ ਸਿੰਘ ਵਾਸੀਅਨ ਹਬੀਬ ਵਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗੰਗਾ ਸਿੰਘ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਸਰਹੱਦ ਦੇ ਉਸ ਪਾਰ ਪਾਕਿਸਤਾਨ ਜਾਣ ਲਈ ਉਕਸਾਇਆ ਅਤੇ ਉਨ੍ਹਾਂ ਨੂੰ ਦਰਿਆ ਦੇ ਰਸਤੇ ਜਾਣ ਲਈ ਪਾਣੀ ਵਿਚ ਉਤਾਰ ਦਿੱਤਾ।
ਦਰਿਆ ਡੂੰਘਾ ਹੋਣ ਕਾਰਨ ਦੋਵੇਂ ਨੌਜਵਾਨ ਪਾਣੀ ਵਿਚ ਡੁੱਬ ਗਏ। ਇਸ ਹਾਦਸੇ ਵਿਚ ਮੁਖਤਿਆਰ ਸਿੰਘ ਅਤੇ ਮਨਪ੍ਰੀਤ ਸਿੰਘ ਦੋਵਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਗੰਗਾ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।