ਫ਼ਿਰੋਜ਼ਪੁਰ ਸ਼ਹਿਰ ’ਚ ਦਿਨ ਦੇ ਸਮੇਂ ਭਾਰੀ ਵਾਹਨਾਂ ਦੀ ਐਂਟਰੀ ’ਤੇ ਪਾਬੰਦੀ
ਫ਼ਿਰੋਜ਼ਪੁਰ ਸ਼ਹਿਰ ਵਿਚ ਦਿਨ ਦੇ ਸਮੇਂ ਭਾਰੀ ਵਾਹਨਾਂ ਦੀ ਐਂਟਰੀ ’ਤੇ ਪਾਬੰਦੀ
Publish Date: Wed, 28 Jan 2026 06:05 PM (IST)
Updated Date: Wed, 28 Jan 2026 06:07 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਨਿਧੀ ਕੁਮੁਦ ਬੰਬਾਹ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ, ਪੁਰਾਣਾ ਕੱਚਾ ਜੀਰਾ ਰੋਡ, ਮਖੂ ਗੇਟ, ਮੁਲਤਾਨੀ ਗੇਟ, ਕਸੂਰੀ ਗੇਟ, ਖਾਈ ਅੱਡਾ, ਦਿੱਲੀ ਗੇਟ, ਬਗਦਾਦੀ ਗੇਟ, ਸ਼ਹੀਦ ਊਧਮ ਸਿੰਘ ਚੌਂਕ ਅਤੇ ਬਾਬਾ ਨਾਮ ਦੇਵ ਚੌਕ ਦੇ ਅੰਦਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਜਿਵੇਂ ਕਿ ਟਰੱਕ, ਟਰੈਕਟਰ, ਟਰਾਲੀਆਂ ਅਤੇ ਭਾਰੀ ਲੋਡ ਵਾਲੇ ਵਾਹਨਾਂ ਦੀ ਐਂਟਰੀ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਜਾਰੀ ਹੁਕਮ ਵਿਚ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ, ਫ਼ਿਰੋਜ਼ਪੁਰ ਵੱਲੋਂ ਇਸ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ, ਪੁਰਾਣਾ ਕੱਚਾ ਜੀਰਾ ਰੋਡ, ਮਖੂ ਗੇਟ, ਮੁਲਤਾਨੀ ਗੇਟ, ਕਸੂਰੀ ਗੇਟ, ਖਾਈ ਅੱਡਾ, ਦਿੱਲੀ ਗੇਟ, ਬਗਦਾਦੀ ਗੇਟ, ਸ਼ਹੀਦ ਊਧਮ ਸਿੰਘ ਚੌਂਕ ਅਤੇ ਬਾਬਾ ਨਾਮ ਦੇਵ ਚੌਂਕ ਆਦਿ ਇਲਾਕਿਆਂ ਵਿਚ ਅਕਸਰ ਟਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਠੰਡ ਦੇ ਮੌਸਮ ਦੌਰਾਨ ਸ਼ਹਿਰ ਅੰਦਰ ਲੋਕਾਂ ਵੱਲੋਂ ਫੋਰ-ਵੀਲਰ ਵਾਹਨਾਂ ਦੀ ਵੱਧ ਵਰਤੋਂ ਕੀਤੀ ਜਾਂਦੀ ਹੈ। ਸੜਕਾਂ ਦੀ ਘੱਟ ਚੌੜਾਈ ਅਤੇ ਵਾਹਨਾਂ ਦੀ ਵੱਧ ਗਿਣਤੀ ਕਾਰਨ ਟਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਹਸਪਤਾਲ ਹੋਣ ਕਾਰਨ ਐਂਬੂਲੈਂਸਾਂ ਦੇ ਜਾਮ ਵਿਚ ਫਸਣ ਨਾਲ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ ਵਿੱਚ ਦੇਰੀ ਹੋ ਰਹੀ ਹੈ, ਜਿਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਲਈ ਇਹ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।