ਮੈਗਾ ਪੀਟੀਐੱਮ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਮਿਲੇਗਾ ਨਵਾਂ ਆਧਾਰ : ਡੀਈਓ ਸੁਨੀਤਾ ਰਾਣੀ
ਸਿੱਖਿਆ ਵਿਭਾਗ ਵੱਲੋਂ 20 ਦਸੰਬਰ ਨੂੰ ਮੈਗਾ ਪੀਟੀਐੱਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਟਰੇਨਿੰਗਾਂ ਦੀ ਸ਼ੁਰੂਆਤ ਕੀਤੀ
Publish Date: Fri, 12 Dec 2025 05:25 PM (IST)
Updated Date: Fri, 12 Dec 2025 05:27 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਫ਼ਿਰੋਜ਼ਪੁਰ ਸੁਨੀਤਾ ਰਾਣੀ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਕੋਮਲ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਦਸੰਬਰ 2025 ਨੂੰ ਸਰਕਾਰੀ ਸਕੂਲਾਂ ਵਿਚ ਹੋਣ ਜਾ ਰਹੀ ਮੈਗਾ ਪੀਟੀਐੱਮ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਬਲਾਕ ਰਿਸੋਰਸ ਕੋਆਰਡੀਨੇਟਰ, ਸੈਂਟਰ ਮੁੱਖ ਅਧਿਆਪਕ, ਮੁੱਖ ਅਧਿਆਪਕ ਅਤੇ ਅਧਿਆਪਕਾਂ ਲਈ ਇੱਕ ਦਿਨਾਂ ਵਿਸ਼ੇਸ਼ ਟਰੇਨਿੰਗ ਜ਼ਿਲ੍ਹਾ ਅਤੇ ਸਿਖਲਾਈ ਸੰਸਥਾ, ਫ਼ਿਰੋਜ਼ਪੁਰ ਵਿਖੇ ਕਰਵਾਈ ਗਈ। ਇਸ ਮੌਕੇ ਡੀਈਓ ਪ੍ਰਾਇਮਰੀ ਸੁਨੀਤਾ ਰਾਣੀ ਮੈਗਾ ਪੀਟੀਐੱਮ ਲਈ ਜ਼ਮੀਨੀ ਪੱਧਰ ’ਤੇ ਕੀਤੀ ਜਾਣ ਵਾਲੀ ਵਿਉਂਤਬੰਦੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਤੇ ਹਾਜ਼ਰ ਸੈਟਰ ਹੈੱਡ ਟੀਚਰਜ਼ ਤੇ ਅਧਿਆਪਕਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਇਸ ਮੈਗਾ ਪੀਟੀਐੱਮ ਵਿਚ ਮਾਪਿਆਂ ਦੀ 100 ਫੀਸਦੀ ਸ਼ਮੂਲੀਅਤ ਕਰਵਾਉਣ, ਵਿਦਿਆਰਥੀਆਂ ਦੀ ਪ੍ਰਾਪਤੀਆਂ, ਸਕੂਲ ਵਿਚ ਮੌਜ਼ੂਦ ਵਿਦਿਅਕ ਸਹੂਲਤਾਂ, ਐੱਫਐੱਲਐੱਨ, ਪ੍ਰੀ-ਪ੍ਰਾਇਮਰੀ ਮਟੀਰੀਅਲ ਆਦਿ ਬਾਰੇ ਡਿਟੇਲ ਵਿਚ ਮਾਪਿਆਂ ਨੂੰ ਜਾਣਕਾਰੀ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਨਾਲ ਜਿੱਥੇ ਮਾਪਿਆਂ ਨਾਲ ਅਧਿਆਪਕਾਂ ਦੇ ਸਬੰਧ ਗੂੜੇ ਹੁੰਦੇ ਹਨ, ਉੱਥੇ ਵਿਦਿਆਰਥੀਆਂ ਦੀ ਸਮੱਸਿਆ ਬਾਰੇ ਵੀ ਮਾਪਿਆਂ ਨੂੰ ਗੱਲਬਾਤ ਕੀਤੀ ਜਾ ਸਕਦੀ ਹੈ। ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਨਵੇਂ ਦਾਖਲੇ ਦੀ ਰਜਿਸਟਰੇਸ਼ਨ ਬਾਰੇ ਵੀ ਇਸ ਮੈਗਾ ਪੀਟੀਐੱਮ ਵਿਚ ਮਾਪਿਆਂ ਨੂੰ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਤਾਂ ਜੋ ਸਰਕਾਰੀ ਸਕੂਲਾਂ ਵਿਚ ਦਾਖਲਾ ਵੱਧ ਸਕੇ। ਉਨ੍ਹਾਂ ਕਿਹਾ ਕਿ ਇਹ ਟਰੇਨਿੰਗਾਂ ਜ਼ਿਲ੍ਹੇ ਭਰ ਦੀ ਮਾਪੇ-ਅਧਿਆਪਕ ਮਿਲਣੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਨਤੀਜਾ-ਕੇਂਦਰਿਤ ਬਣਾਉਣ ਵਿਚ ਮੱਦਦਗਾਰ ਸਾਬਤ ਹੋਣਗੀਆਂ ਅਤੇ ਇਸਦੇ ਨਤੀਜੇ ਵਜੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਨਵਾਂ ਆਧਾਰ ਮਿਲੇਗਾ। ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟਰੇਨਿੰਗ ਦਾ ਮੁੱਖ ਉਦੇਸ਼ ਇਹ ਹੈ ਕਿ ਟਰੇਨਿੰਗ ਪ੍ਰਾਪਤ ਕਰਕੇ ਅਧਿਆਪਕ ਆਪਣੇ-ਆਪਣੇ ਸੈਂਟਰਾਂ ਵਿਚ ਜਾ ਕੇ ਹੋਰ ਅਧਿਆਪਕਾਂ ਨੂੰ ਮੈਗਾ ਪੀਟੀਐੱਮ ਸਬੰਧੀ ਤਿਆਰ ਕਰਨ, ਤਾਂ ਜੋ 20 ਦਸੰਬਰ ਨੂੰ ਮਾਪਿਆਂ ਨਾਲ ਸਕੂਲਾਂ ਦੀਆਂ ਪ੍ਰਾਪਤੀਆਂ, ਵਿਦਿਆਰਥੀਆਂ ਦੀ ਪ੍ਰਗਤੀ, ਨਵੀਆਂ ਸ਼ੁਰੂਆਤਾਂ ਅਤੇ ਸਿੱਖਣ–ਸਿਖਾਣ ਦੇ ਨਤੀਜੇ ਪ੍ਰਭਾਵਸ਼ਾਲੀ ਢੰਗ ਨਾਲ ਸਾਂਝੇ ਕੀਤੇ ਜਾ ਸਕਣ। ਇਸ ਟਰੇਨਿੰਗ ਦੌਰਾਨ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸੁਭਾਸ਼ ਚੰਦਰ, ਬਲਾਕ ਰਿਸੋਰਸ ਕੋਆਰਡੀਨੇਟਰ ਮਹਿੰਦਰ ਸ਼ਰਮਾ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਵੱਲੋਂ ਸਖਾਤਮਕ, ਸੁਖਾਵੇਂ ਅਤੇ ਭਾਗੀਦਾਰੀ ਭਰੇ ਮਾਹੌਲ ਵਿੱਚ ਸਾਰੇ ਅਧਿਆਪਕਾਂ ਨੂੰ ਵਿਸਤ੍ਰਿਤ ਟਰੇਨਿੰਗ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮੈਗਾ ਪੀਟੀਐੱਮ ਦੇ ਉਦੇਸ਼, ਮਾਪਿਆਂ ਨਾਲ ਸਬੰਧ ਮਜ਼ਬੂਤ ਕਰਨ ਦੀਆਂ ਰਣਨੀਤੀਆਂ, ਸਕੂਲ ਰਿਪੋਰਟ ਪ੍ਰਸਤੁਤੀ ਅਤੇ ਪ੍ਰਭਾਵਸ਼ਾਲੀ ਸੰਚਾਰ ਮਾਡਲ ’ਤੇ ਵੀ ਚਰਚਾ ਕੀਤੀ ਗਈ।