ਹੜ੍ਹ ਪੀੜਤਾਂ ਦੀ ਮਿਸਾਲੀ ਸੇਵਾ ਲਈ ‘ਐਜੂਕੇਟ ਪੰਜਾਬ ਪ੍ਰੋਜੈਕਟ’ ਦਾ ਰਾਜ ਪੱਧਰੀ ਸਨਮਾਨ
ਹੜ੍ਹ ਪੀੜਤਾਂ ਦੀ ਮਿਸਾਲੀ ਸੇਵਾ ਲਈ ‘ਐਜੂਕੇਟ ਪੰਜਾਬ ਪ੍ਰੋਜੈਕਟ’ ਦਾ ਰਾਜ ਪੱਧਰੀ ਸਨਮਾਨ
Publish Date: Wed, 28 Jan 2026 07:19 PM (IST)
Updated Date: Wed, 28 Jan 2026 07:22 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਾਲ 2025 ਵਿਚ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਆਏ ਭਿਆਨਕ ਹੜ੍ਹਾਂ ਦੀ ਕੁਦਰਤੀ ਆਫ਼ਤ ਵੇਲੇ ਮਾਨਵਤਾ ਦੀ ਸੇਵਾ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਪ੍ਰਮੁੱਖ ਸੰਸਥਾ ‘ਐਜੂਕੇਟ ਪੰਜਾਬ ਪ੍ਰੋਜੈਕਟ’ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਸ਼ੁਭ ਅਵਸਰ ’ਤੇ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਵੱਲੋਂ ਸੰਸਥਾ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਹੜ੍ਹ ਜਿਹੀ ਭਿਆਨਕ ਕੁਦਰਤੀ ਆਫਤ ਸਮੇਂ ਜਦੋਂ ਲੋਕਾਂ ਦੇ ਘਰ-ਬਾਰ ਅਤੇ ਫਸਲਾਂ ਤਬਾਹ ਹੋ ਗਈਆਂ ਸਨ, ਉਦੋਂ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਜ਼ਮੀਨੀ ਪੱਧਰ ’ ਜਾ ਕੇ 22 ਪਿੰਡਾਂ ਵਿਚ ਰਾਹਤ ਕਾਰਜ ਚਲਾਏ। ਸੰਸਥਾ ਵੱਲੋਂ ਲਗਭਗ 3000 ਕਿਸਾਨਾਂ ਨੂੰ ਦੁਬਾਰਾ ਫਸਲ ਦੀ ਕਾਸ਼ਤ ਕਰਨ ਲਈ ਲੋੜੀਂਦੀ ਆਰਥਿਕ ਅਤੇ ਤਕਨੀਕੀ ਮੱਦਦ ਦਿੱਤੀ ਗਈ। ਪੀੜਤ ਪਰਿਵਾਰਾਂ ਦੀ ਜੀਵਿਕਾ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਲਈ 21 ਦੁਧਾਰੂ ਪਸ਼ੂ ਵੰਡੇ ਗਏ, ਤਾਂ ਜੋ ਉਹ ਸਵੈ-ਨਿਰਭਰ ਹੋ ਸਕਣ। ਲਗਭਗ 6000 ਪਰਿਵਾਰਾਂ ਨੂੰ ਰਾਸ਼ਨ ਅਤੇ ਰੋਜ਼ਮਰ੍ਹਾ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ।ਹੜ੍ਹ ਪ੍ਰਭਾਵਿਤ 1000 ਵਿਦਿਆਰਥੀਆਂ ਦੀ ਸਿੱਖਿਆ ਪ੍ਰਭਾਵਿਤ ਨਾ ਹੋਵੇ, ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਆਰਥਿਕ ਸਹਾਇਤਾ ਦਿੱਤੀ ਗਈ। ਸਮਾਗਮ ਦੌਰਾਨ ਡਾ. ਬਲਜੀਤ ਕੌਰ ਨੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਐਜੂਕੇਟ ਪੰਜਾਬ ਪ੍ਰੋਜੈਕਟ ਵਰਗੀਆਂ ਸੰਸਥਾਵਾਂ ਸਮਾਜ ਦਾ ਅਸਲ ਸਰਮਾਇਆ ਹਨ। ਇਨ੍ਹਾਂ ਦੀ ਨਿਸ਼ਕਾਮ ਸੇਵਾ ਸਦਕਾ ਹੀ ਆਫ਼ਤ ਪ੍ਰਭਾਵਿਤ ਲੋਕਾਂ ਨੂੰ ਨਵੀਂ ਆਸ ਮਿਲਦੀ ਹੈ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰਾਂ ਜਸਵਿੰਦਰ ਸਿੰਘ ਖਾਲਸਾ (ਯੂਕੇ), ਰਾਜਦੀਪ ਸਿੰਘ (ਕੈਨੇਡਾ), ਬਲਜੀਤ ਸਿੰਘ ਕੰਬੋਜ਼ (ਡਿਪਟੀ ਜ਼ਿਲ੍ਹਾ ਅਟਾਰਨੀ, ਫਿਰੋਜ਼ਪੁਰ) ਅਤੇ ਹੈੱਡਮਾਸਟਰ ਮਹਿਲ ਸਿੰਘ ਭਾਂਗਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮੁੱਚੀ ਟੀਮ ਅਤੇ ਦਾਨੀ ਸੱਜਣਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਅਹਿਦ ਲਿਆ ਕਿ ਸੰਸਥਾ ਭਵਿੱਖ ਵਿਚ ਵੀ ਸਿੱਖਿਆ, ਸਿਹਤ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੇਗੀ।