ਜਨਮ ਦਿਨ ਦੀ ਪਾਰਟੀ ’ਤੇ ਜਾ ਰਹੇ ਦੋਸਤਾਂ ’ਤੇ ਹਮਲਾ
ਜਨਮ ਦਿਨ ਦੀ ਪਾਰਟੀ ’ਤੇ ਜਾ ਰਹੇ ਦੋਸਤਾਂ ’ਤੇ ਹਮਲਾ
Publish Date: Sun, 18 Jan 2026 04:05 PM (IST)
Updated Date: Sun, 18 Jan 2026 04:07 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਥਾਣਾ ਕੁੱਲਗੜ੍ਹੀ ਦੇ ਅਧੀਨ ਆਉਂਦੇ ਪਿੰਡ ਝੋਕ ਹਰੀਹਰ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਵਾਰਦਾਤ ਸਾਹਮਣੇ ਆਈ ਹੈ। ਪਿੰਡ ਝੋਕ ਹਰੀਹਰ ਵਿਖੇ ਦੋ ਦੋਸਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਨਮ ਦਿਨ ਦੀ ਪਾਰਟੀ ’ਚ ਸ਼ਾਮਲ ਹੋਣ ਜਾ ਰਹੇ ਸਨ, ਤਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਕਾਰ ਨਾਲ ਟੱਕਰ ਮਾਰਨ ਉਪਰੰਤ ਉਨ੍ਹਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਦਕਿ ਦੂਜੇ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਇਸ ਸਬੰਧ ਵਿਚ ਪੁਲਿਸ ਨੇ ਕਾਰ ਸਵਾਰ ਤਿੰਨ ਵਿਅਕਤੀਆਂ ਖਿਲਾਫ 115 (2), 3 (5), 140 (1), 324 (4) ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਸ਼ਵਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਝੋਕ ਹਰੀਹਰ ਨੇ ਦੱਸਿਆ ਕਿ ਮਿਤੀ 16 ਜਨਵਰੀ ਨੂੰ ਵਕਤ ਕਰੀਬ 10 ਵਜੇ ਉਹ ਆਪਣੇ ਮੋਟਰਸਾਈਕਲ ’ਤੇ ਆਪਣੇ ਦੋਸਤ ਅਮਨ ਪੁੱਤਰ ਮਲਕੀਤ ਵਾਸੀ ਝੋਕ ਹਰੀਹਰ ਨੂੰ ਨਾਲ ਲੈ ਕੇ ਆਪਣੇ ਭਾਣਜੇ ਫਤਿਹਵੀਰ ਸਿੰਘ ਵਾਸੀ ਪਿੰਡ ਆਸਲ ਦੇ ਜਨਮ ਦਿਨ ਹੋਣ ਕਰਕੇ ਪਿੰਡ ਆਸਲ ਚੱਲੇ ਸੀ। ਜਦੋਂ ਪਿੰਡ ਤੋਂ ਨਿਕਲ ਕੇ ਪੱਕੀ ਨਹਿਰ ਦੀ ਪੱਟੜੀ ਦੀ ਪੂਰਬ ਦਿਸ਼ਾ ਪੁੱਜੇ ਤਾਂ ਸਾਹਮਣੇ ਤੋਂ ਇਕ ਕਾਰ ਹਾਂਡਾ ਸਿਟੀ ਨੇ ਮੋਟਰਸਾਈਕਲ ਵਿਚ ਟੱਕਰ ਮਾਰੀ, ਜਿਸ ਕਾਰਨ ਉਹ ਤੇ ਉਸ ਦਾ ਦੋਸਤ ਡਿੱਗ ਪਏ ਤੇ ਕਾਰ ਵਿਚੋਂ ਤਿੰਨ ਮੁੰਡੇ ਨਿਕਲੇ ਜਿਨ੍ਹਾਂ ਉਸ ਦੇ ਅਤੇ ਉਸ ਦੇ ਦੋਸਤ ’ਤੇ ਹਮਲਾ ਕਰ ਦਿੱਤਾ। ਜਦ ਇਹ ਕਾਰ ਦੀਆਂ ਲਾਇਟਾਂ ਸਾਹਮਣੇ ਆਈ ਤਾਂ ਉਸ ਦੇ ਪਿੰਡ ਦੇ ਹਰਜੀਤ ਸਿੰਘ ਪੁੱਤਰ ਕੀੜੀ, ਮੁਸੱਲਾ ਖੰਡਾ, ਕਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਮੁਸੱਲਾ ਪਿਸਟਲ ਅਤੇ ਰੋਹਿਤ ਪੁੱਤਰ ਮਨਜੀਤ ਵਾਸੀਅਨ ਪਿੰਡ ਝੋਕ ਹਰੀਹਰ ਖਾਲੀ ਹੱਥ ਸੀ, ਜਿਨ੍ਹਾਂ ਦੋਵਾਂ ਦੀ ਕੁੱਟਮਾਰ ਕੀਤੀ ਤੇ ਉਸ ਦੇ ਪਿਸਟਲ ਦਾ ਬੱਟ ਅੱਖ ਵਿਚ ਵੱਜਣ ਕਾਰਨ ਪੱਟੜੀ ਤੋਂ ਹੇਠਾਂ ਝਾੜੀ ਵੱਲ ਡਿੱਗ ਪਿਆ। ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਅਨ ਨੇ ਉਸ ਦਾ ਮੋਟਰਸਾਈਕਲ ਨਹਿਰ ਵਿਚ ਸੁੱਟ ਦਿੱਤਾ ਜੋ ਉਸ ਨੂੰ ਪਾਣੀ ਵਿਚ ਡਿੱਗਣ ਦੀ ਅਵਾਜ ਆਈ ਸੀ। ਉਸ ਨੂੰ ਜਾਪਦਾ ਹੈ ਕਿ ਉਸ ਦੇ ਦੋਸਤ ਅਮਨ ਨੂੰ ਵੀ ਨਹਿਰ ਵਿਚ ਸੁੱਟ ਦਿੱਤਾ ਜਾਂ ਅਗਵਾ ਕਰਕੇ ਨਾਲ ਲੈ ਗਏ ਹਨ। ਵਜ਼ਾ ਰੰਜ਼ਿਸ਼ ਪੁਰਾਣੀ ਲਾਗਤ ਬਾਜੀ ਹੋਣ ਕਰਕੇ ਉਕਤ ਦੋਸ਼ੀਅਨ ਨੇ ਕੁੱਟਮਾਰ ਕੀਤੀ ਤੇ ਉਸ ਦੇ ਦੋਸਤ ਨੂੰ ਅਗਵਾ ਜਾਂ ਨਹਿਰ ਵਿਚ ਸੁੱਟ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੁੱਲਗੜ੍ਹੀ ਪੁਲਿਸ ਦੇ ਐੱਸਆਈ ਦਵਿੰਦਰ ਸਿੰਘ ਮੁੱਖ ਅਫਸਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।