ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਸਮਾਜਿਕ ਬਰਾਬਰੀ ਦੇ ਪ੍ਰਤੀਕ ਸਨ ਬਾਬਾ ਸਾਹਿਬ
ਫ਼ਿਰੋਜ਼ਪੁਰ ਮੰਡਲ ਦਫ਼ਤਰ ਵਿਖੇ ਡਾ. ਬੀ.ਆਰ. ਅੰਬੇਦਕਰ ਦਾ 70ਵਾਂ ਮਹਾਪਰਿਨਿਰਵਾਣ ਦਿਵਸ ਮਨਾਇਆ ਗਿਆ
Publish Date: Mon, 08 Dec 2025 04:19 PM (IST)
Updated Date: Mon, 08 Dec 2025 04:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਅੱਜ ਮੰਡਲ ਦਫ਼ਤਰ ਫ਼ਿਰੋਜ਼ਪੁਰ ਦੇ ਸਭਾਗਾਰ ਵਿਚ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦਾ 70ਵਾਂ ਮਹਾਪਰਿਨਿਰਵਾਣ ਦਿਵਸ ਮਨਾਇਆ ਗਿਆ। ਜ਼ਿਕਰਯੋਗ ਹੈ ਕਿ 6 ਦਸੰਬਰ 1956 ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਸਵਰਗਵਾਸ ਹੋ ਗਏ ਸਨ, ਜਿਸ ਨੂੰ ਹਰ ਸਾਲ ‘ਮਹਾਪਰਿਨਿਰਵਾਣ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ, ਅਪਰ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਮੁੱਖ ਚਿਕਿਤਸਾ ਅਧੀਖਿਅਕ ਡਾ. ਰੰਜਨਾ ਸਹਿਗਲ, ਸੀਨੀਅਰ ਮੰਡਲ ਪਰਸੋਨਲ ਅਫਸਰ ਸਾਕਸ਼ੀ ਸਿੰਘ, ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਅਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੰਡਲ ਰੇਲ ਪ੍ਰਬੰਧਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਆਜ਼ਾਦ ਭਾਰਤ ਦੇ ਸੰਵਿਧਾਨ ਨਿਰਮਾਤਾ, ਦਲਿਤਾਂ ਦੇ ਮਸੀਹਾ ਅਤੇ ਮਹਾਨ ਸਮਾਜ ਸੁਧਾਰਕ ਸਨ। ਭਾਰਤੀ ਸੰਵਿਧਾਨ ਦੇ ਨਿਰਮਾਣ ਵਿਚ ਬਾਬਾ ਸਾਹਿਬ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਸ ਦੇ ਤਹਿਤ ਭਾਰਤ ਦੇ ਸਮੂਹ ਲੋਕਾਂ ਨੂੰ ਸਮਾਜਿਕ, ਆਰਥਿਕ, ਵਿਦਿਅਕ ਅਤੇ ਧਾਰਮਿਕ ਬਰਾਬਰ ਦੇ ਅਧਿਕਾਰ ਪ੍ਰਾਪਤ ਹੋਏ ਹਨ। ਇਸੇ ਲਈ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਪਿਤਾ ਅਤੇ ਆਧੁਨਿਕ ਭਾਰਤ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦੇ ਸਿਧਾਂਤਾਂ ਦੀ ਪਾਲਣਾ ਕਰੀਏ, ਤਾਂ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਮੰਡਲ ਦੀ ਐੱਸ.ਸੀ. ਐੱਸ.ਟੀ. ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਆਰ.ਡੀ. ਮੀਣਾ, ਮੰਡਲ ਸਕੱਤਰ ਸਤੀਸ਼ ਕੁਮਾਰ ਅਤੇ ਮੰਡਲ ਦੇ ਓ.ਬੀ.ਸੀ. ਸੰਗਠਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।