ਕਰੋੜਾਂ ਦੇ ਟੈਂਡਰ ਨੂੰ ਲੈ ਕੇ ਛਿੜਿਆ ਵਿਵਾਦ
ਕਰੋੜਾਂ ਦੇ ਟੈਂਡਰ ਨੂੰ ਲੈ ਕੇ ਖੜਾ ਹੋਇਆ ਵਿਵਾਦ !
Publish Date: Mon, 19 Jan 2026 06:14 PM (IST)
Updated Date: Mon, 19 Jan 2026 06:15 PM (IST)

ਹਰਚਰਨ ਸਿੰਘ ਸਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ : ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਦਿੱਤੇ ਕਰੋੜਾਂ ਰੁਪਏ ਦੇ ਇੱਕ ਸਰਕਾਰੀ ਟੈਂਡਰ ਨੂੰ ਵਿਵਾਦ ਖੜਾ ਹੋ ਗਿਆ ਹੈ। ਇਸ ਸਬੰਧੀ ਇਲਾਕੇ ਦੀਆਂ ਕਈ ਮਜਦੂਰ ਜਥੇਬੰਦੀਆਂ ਨੇ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਉਂਦਿਆਂ ਟੈਂਡਰਾਂ ਦੀ ਅਲਾਟਮੈਂਟ ਮੌਕੇ ਨਿਯਮਾਂ ਦੀ ਅਣਦੇਖੀ ਦੇ ਦੋਸ਼ ਲਗਾਏ ਹਨ। ਮਜਦੂਰ ਜਥੇਬੰਦੀਆਂ ਨੇ ਦੋਸ਼ ਲਗਾਏ ਹਨ ਕਿ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਅਜਿਹੇ ਵਿਅੱਕਤੀ ਨੂੰ ਟੈਂਡਰ ਦਿੱਤਾ ਗਿਆ ਹੈ ਜਿਸ ’ਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਮਜ਼ਦੂਰ ਯੂਨੀਅਨਾਂ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸਤਲੁੱਜ ਪ੍ਰੈਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜਦੂਰ ਆਗੂ ਦਿਲਬਾਗ ਸਿੰਘ, ਬਲਵੀਰ ਸਿੰਘ ਨੇ ਦੋਸ਼ ਲਗਾਇਆ ਕਿ ਇਸ ਠੇਕੇਦਾਰ ਵਿਰੁੱਧ ਪਹਿਲਾਂ ਹੀ ਥਾਣਾ ਸਦਰ ਪੱਟੀ ਵਿੱਚ ਢਾਈ ਕਿੱਲੋ ਅਫ਼ੀਮ ਅਤੇ ਵਿਦੇਸ਼ੀ ਕਰੰਸੀ ਦੀ ਬਰਾਮਦਗੀ, ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 7 ਵਿੱਚ 100 ਗ੍ਰਾਮ ਹੈਰੋਇਨ ਦਾ ਮੁਕੱਦਮਾ ਦਰਜ ਹੈ। ਰੇਲਵੇ ਜਾਂ ਹੋਰ ਸਰਕਾਰੀ ਕੰਮਾਂ ਲਈ ਆਮ ਤੌਰ ’ਤੇ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਹੁੰਦੀ ਹੈ, ਪਰ ਇੱਥੇ ਸਰਕਾਰੀ ਨਿਯਮਾਂ (ਪਾਲਿਸੀ ਅਨੁਸਾਰ ਅਪਰਾਧਿਕ ਵਿਅਕਤੀ ਟੈਂਡਰ ਨਹੀਂ ਭਰ ਸਕਦਾ) ਨੂੰ ਛਿੱਕੇ ਟੰਗ ਕੇ ਕਰੋੜਾਂ ਦਾ ਕੰਮ ਸੌਂਪ ਦਿੱਤਾ ਗਿਆ। ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਉਕਤ ਠੇਕੇਦਾਰ ਵੱਲੋਂ ਪਿਛਲੇ ਛੇ ਸਾਲਾਂ ਤੋਂ ਮਜ਼ਦੂਰਾਂ ਦਾ (ਫੰਡ) ਨਹੀਂ ਦਿੱਤਾ ਗਿਆ. ਜਦੋਂ ਮਜ਼ਦੂਰਾਂ ਨੇ ਵਿਰੋਧ ਕੀਤਾ ਤਾਂ ਕਥਿਤ ਤੌਰ ’ਤੇ ਪੁਲਿਸ ਦੀ ਮਦਦ ਨਾਲ ਬਾਹਰੋਂ ਮਜ਼ਦੂਰ ਲਿਆ ਕੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਗਈ।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਦਿਲਬਾਗ ਸਿੰਘ, ਬਲਵੀਰ ਸਿੰਘ, ਪ੍ਰਕਾਸ਼ ਸਿੰਘ ਅਤੇ ਹੋਰਨਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਜੇਕਰ ਇਸ ਨਸ਼ਾ ਤਸਕਰ ਠੇਕੇਦਾਰ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਅਤੇ ਟੈਂਡਰ ਰੱਦ ਨਾ ਹੋਇਆ, ਤਾਂ ਇਹ ਸੰਘਰਸ਼ ਪੂਰੇ ਪੰਜਾਬ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।