ਯਾਦਗਾਰੀ ਹੋ ਨਿਬੜੀ ਗੁਰਹਰਸਹਾਏ ਵਿਖੇ ਹੋਈ ਕਾਂਗਰਸ ਦੀ ‘ਮਨਰੇਗਾ ਬਚਾਓ ਸੰਗਰਾਮ ਰੈਲੀ’
ਯਾਦਗਾਰੀ ਹੋ ਨਿਬੜੀ ਕਾਂਗਰਸ ਦੀ ‘ਮਨਰੇਗਾ ਬਚਾਓ ਸੰਗਰਾਮ ਰੈਲੀ’
Publish Date: Mon, 12 Jan 2026 06:57 PM (IST)
Updated Date: Mon, 12 Jan 2026 07:00 PM (IST)

ਪੰਜਾਬੀ ਜਾਗਰਣ ਟੀਮ, ਗੁਰੂਹਰਸਹਾਏ/ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਗੁਰੂਹਰਹਰਸਹਾਏ, ਜਿਥੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਹਿਜ਼ 5800 ਵੋਟਾਂ ਮਿਲੀਆਂ ਹੋਣ ਉਸੇ ਵਿਧਾਨ ਸਭਾ ਹਲਕਾ ਵਿਚ ਬੀਤੇ ਸੋਮਵਾਰ ਨੂੰ ਕੀਤੀ ਕਾਂਗਰਸ ਦੀ ਰੈਲੀ ਉਸ ਵੇਲੇ ਯਾਦਗਾਰੀ ਹੋ ਨਿਬੜੀ ਜਦੋਂ ਹਜ਼ਾਰਾਂ ਦੀ ਤਾਦਾਦ ਵਿਚ ਕਾਂਗਰਸੀ ਵਰਕਰਾਂ ਦੀ ਮੋਜੂਦਗੀ ਨਾਲ ਰੈਲੀ ਨੇ ਵਿਸ਼ਾਲ ਰੂਪ ਧਾਰ ਲਿਆ । ਸਾਬਕਾ ਵਿਧਾਇਕ ਰਮਿੰਦਰ ਆਂਵਲਾ ਦੀ ਅਗੁਵਾਈ ਵਿਚ ਗੁਰੂਹਰਸਹਾਏ ਦੀ ਦਾਣਾ ਮੰਡੀ ਵਿੱਚ ਕਾਂਗਰਸ ਪਾਰਟੀ ਦੀ ਇਸ ‘ਮਨਰੇਗਾ ਬਚਾਓ ਸੰਗਰਾਮ ਰੈਲੀ’ ਵਿਚ ਕੀਤੀ ਗਈ ਇਸ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਲੀਡਰ ਆਫ ਆਪੋਜ਼ੀਸ਼ਨ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਇੰਚਾਰਜ਼ ਭੁਪੇਸ਼ ਬਘੇਲ, ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਦਵਿੰਦਰ ਘੁਬਾਇਆ ਸਮੇਤ ਅਨੇਕਾਂ ਆਗੂ ਪੁੱਜੇ । ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਿਸ਼ਾਨੇ ਸਾਧੇ ਅਤੇ ਇੱਥੇ ਪੰਜਾਬ ਕਾਂਗਰਸ ਵੱਲੋਂ ਮਗਨਰੇਗਾ ਬਚਾਓ ਸੰਗਰਾਮ ਰੈਲੀ ਵਿੱਚ ਕੇਂਦਰ ਸਰਕਾਰ ਨੂੰ ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ ਮਗਨਰੇਗਾ ਨੂੰ ਬਚਾਉਣ ਲਈ ਵੱਡੀ ਲੜਾਈ ਲੜਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਭੂਪੇਸ਼ ਬਗੇਲ, ਇੰਚਾਰਜ ਪੰਜਾਬ ਕਾਂਗਰਸ ਕਮੇਟੀ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇਸ਼ ਦੇ ਮਜ਼ਦੂਰਾਂ ਲਈ ਮਗਨਰੇਗਾ ਨੂੰ ਬਚਾਉਣ ਲਈ ਲੜਾਈ ਲੜੇਗੀ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਮਗਨਰੇਗਾ ਦੇ ਮੂਲ ਰੂਪ ਵਿੱਚ ਬਹਾਲੀ ਤੱਕ ਲੜਾਈ ਲੜੇਗੀ ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਾਂਗ ਦੇਸ਼ ਵਾਸੀਆਂ ਦੇ ਸਾਥ ਨਾਲ ਇਸ ਫਰਮਾਨ ਨੂੰ ਵੀ ਵਾਪਸ ਕਰਵਾ ਕੇ ਰਹੇਗੀ। ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਕਾਂਗਰਸ, ਕੇਂਦਰ ਅਤੇ ਪੰਜਾਬ ਸਰਕਾਰ ਨਾਲ ਲੜਾਈ ਲੜੇਗੀ। ਇਸ ਮੁਹਿੰਮ ਮਗਰੋਂ ਪੰਜਾਬ ਵਿਚ ਭਾਜਪਾ ਵਾਲਿਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ, ਉਨਾਂ ਨੇ ਸੁਨੀਲ ਜਾਖੜ ਨੂੰ ਕਾਂਗਰਸ ਦਾ ਭਗੌੜਾ ਵੀ ਕਰਾਰ ਦਿੱਤਾ। ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਫਿਰੋਜ਼ਪੁਰ ਇੱਕ ਬਾਰਡਰ ਇਲਾਕਾ ਹੈ ਜੋ ਕਿ ਕਾਫੀ ਪਿਛੜਿਆ ਹੋਇਆ ਹੈ। ਫਿਰੋਜ਼ਪੁਰ ਦੇ ਕਾਂਗਰਸੀ ਵਰਕਰ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹਨ ਉਹ ਕਾਂਗਰਸ ਦੀ ਰੀੜ ਦੀ ਹੱਡੀ ਹਨ ਅਤੇ ਕਾਂਗਰਸ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਸਰਕਾਰ ਆਉਣ ’ਤੇ ਇਹਨਾਂ ਦੀਆਂ ਜੋ ਕੱਚੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ ਅਤੇ ਇਹਨਾਂ ਨੂੰ ਉਸਦੇ ਮਾਲਿਕਾਨਾ ਹੱਕ ਮਿਲਣ ਤਾਂ ਕਿ ਲੋਕ ਖੁਸ਼ਹਾਲ ਹੋ ਸਕਣ ਉੱਥੇ ਹੀ ਉਹਨਾਂ ਨੇ ਕਿਹਾ ਕਿ ਮਨਰੇਗਾ ਨਾਲ ਆਮ ਗਰੀਬ ਦਾ ਚੁੱਲਾ ਬਲਦਾ ਹੈ ਜਿਸ ਨੂੰ ਮੋਦੀ ਸਰਕਾਰ ਨੇ ਬੁਝਾਉਣ ਦਾ ਕੰਮ ਕੀਤਾ ਹੈ। ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ’ਤੇ ਮਜ਼ਦੂਰਾਂ ਨੂੰ ਮਨਰੇਗਾ ਦੇ ਰੂਪ ਵਿੱਚ ਦਿੱਤੇ ਜਾਣ ਵਾਲਾ ਭੱਤਾ ਕਾਂਗਰਸ ਸਰਕਾਰ ਹੀ ਦੇਵੇਗੀ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਮਿਲੇ ਉਹਨਾਂ ਕਿਹਾ ਕਿ ਕਈ ਗਰੰਟੀਆਂ ਕਾਂਗਰਸ ਲੈ ਕੇ ਆਏਗੀ ਜਿਸ ਨਾਲ ਆਮ ਲੋਕਾਂ ਦਾ ਭਲਾ ਹੋਵੇਗਾ। ਇਸ ਮੌਕੇ ਕਾਂਗਰਸੀ ਆਗੂਆਂ ਵਿੱਚ ਭੀਮ ਕੰਬੋਜ, ਰਜਿੰਦਰ ਭਠੇਜਾ, ਸ਼ਵਿੰਦਰ ਸਿੰਘ ਸਿੱਧੂ, ਅਮਰੀਕ ਸਿੰਘ ਬਾਬਾ ਫਾਰਮ, ਸਿਮੂ ਪਾਸੀ,ਵੇਦ ਪ੍ਰਕਾਸ਼ ਕੰਬੋਜ, ਜਸਵੰਤ ਜੁਆਏ ਸਿੰਘ ਵਾਲਾ, ਕਰਤਾਰ ਸਿੰਘ ਅਤੇ ਹੋਰ ਵੀ ਕਈ ਹਾਜ਼ਰ ਸਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਨਹੀਂ ਪੁੱਜੇ ਰੈਲੀ ਵਿੱਚ ਇਕ ਪਾਸੇ ਜਿਥੇ ਰੈਲੀ ਵਿਚ ਪਹੁੰਚੀ ਵੱਡੀ ਭੀੜ ਕਾਰਣ ਪੰਜਾਬ ਪ੍ਰਧਾਨ ਸਮੇਤ ਕਾਂਗਰਸੀ ਆਗੂ ਖੁਸ਼ੀ ਨਾਲ ਖੀਵੇ ਹੋ ਰਹੇ ਸਨ,ਦੂਜੇ ਪਾਸੇ ਫਿਰੋਜ਼ਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਗੈਰ ਹਾਜ਼ਰੀ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਰੈਲੀ ਵਿਚੋਂ ਟਾਈਮ ਨਾਲ ਨਿਕਲ ਜਾਣਾ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ। ਇੰਨ੍ਹਾਂ ਦੋਵਾਂ ਦੇ ਹੀ ਕਾਰਣ ਭਾਵੇਂ ਉਪਰੋਕਤ ਆਗੂਆਂ ਦੇ ਕੁੱਝ ਰੁਝੇਵੇਂ ਰਹੇ ਹੋਣ ਪਰ ਇਹ ਕਿਤੇ ਨਾ ਕਿਤੇ ਕੌਮੀ ਪਾਰਟੀਆਂ ਦੀ ਚਿੰਤਾ ਦਾ ਵਿਸ਼ਾ ਵੀ ਰਿਹਾ ਹੈ।