ਸਿਵਲ ਡਿਫੈਂਸ ਦੀ ‘ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਲ ਡਿਫੈਂਸ ਵਰਕਸ਼ਾਪ’ ਦਾ ਸ਼ਾਨਦਾਰ ਆਗਾਜ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ ; ਸਿਵਲ ਡਿਫੈਂਸ ਦਾ ਸੱਤ ਰੋਜ਼ਾ ਟਰੇਨਿੰਗ ਕੈਂਪ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਯੂਨੀਵਰਸਟੀ ਦੇ ਸੀਵੀ ਰਮਨ ਹਾਲ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ। ‘ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਲ ਡਿਫੈਂਸ’ ਨਾਂਅ ਦੀ ਇਸ ਵਰਕਸ਼ਾਪ ’ਚ ਲਗਾਤਾਰ ਸੱਤ ਦਿਨ ਤੱਕ ਵਲੰਟੀਅਰਜ਼ ਨੂੰ ਵੱਖ ਵੱਖ ਤਰਾਂ ਦੀ ਟਰੇਨਿੰਗ ਦਿੱਤੀ ਜਾਵੇਗੀ। ਇਸ ਟਰੇਨਿੰਗ ਵਰਕਸ਼ਾਪ ਦੌਰਾਨ ਵਲੰਟੀਅਰਜ਼ ਵਿਚ ਬਹੁਤ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ । ਕੈਂਪ ਦੀ ਸ਼ੁਰੂਆਤ ਮੌਕੇ ਮੁੱਖ ਵਜੋਂ ਆਈ ਏ ਐਸ ਅਧਿਕਾਰੀ ਮੈਡਮ ਲਿੰਦਿਆ ਬਤੌਰ ਸਿਵਲ ਡਿਫੈਂਸ ਕੰਟਰੋਲਰ ਪਹੁੰਚੇ। ਉਨ੍ਹਾਂ ਤੋਂ ਇਲਾਵਾ ਹੋਮ ਗਾਰਡਜ਼ ਦੇ ਡਵੀਜ਼ਨਲ ਕਮਾਂਡੈਂਟ ਅਨਿਲ ਪਰੂਥੀ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਇਸ ਮੌਕੇ ਹੋਮਗਾਰਡਜ਼ ਦੇ ਜ਼ਿਲ੍ਹਾ ਕਮਾਂਡੈਂਟ ਗੁਰਲਵਦੀਪ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵੈਲਕਮ ਕਰਦਿਆਂ ਸਿਵਲ ਡਿਫੈਂਸ ਸਬੰਧੀ ਚਾਨਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਸੱਤ ਦਿਨਾਂ ਵਿਚ ਸਿਵਲ ਡਿਫੈਂਸ, ਸਿਹਤ ਵਿਭਾਗ, ਫਾਇਰ ਸਰਵਿਸਿਜ਼ ਅਤੇ ਐਨਡੀਆਰਐਫ ਵੱਲੋਂ ਟਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਆਪਣੇ ਸੰਬੋਧਨ ਵਿਚ ਮੈਡਮ ਲਿੰਦਿਆਂ ਆਈ ਏ ਐਸ ਨੇ ਆਖਿਆ ਕਿ ਪੰਜਾਬ ਦੀ ਖਾਸੀਅਤ ਇਹ ਹੈ ਕਿ ਇਥੇ ਸੋਸ਼ਲ ਐਸੇਟਸ ਬਹੁਤ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਵਿਚ ਸੇਵਾ ਦੀ ਭਾਵਨਾ ਬਹੁਤ ਜ਼ਿਆਦਾ ਹੈ। ਬੀਤੇ ਹੜ੍ਹਾਂ ਦੌਰਾਨ ਪੰਜਾਬ ਵਿਚ ਸੇਵਾ ਕਰਨ ਵਾਲਿਆਂ ਦਾ ਵੀ ਹੜ੍ਹ ਆ ਗਿਆ ਸੀ। ਇਸ ਮੌਕੇ ਡਵੀਜ਼ਨਲ ਕਮਾਂਡੈਂਟ ਅਨਿਲ ਪਰੁਥੀ ਨੇ ਆਖਿਆ ਕਿ ਸਿਵਲ ਡਿਫੈਂਸ ਵਲੰਟੀਅਰ ਜਿਥੇ ਆਫਤ ਦੇ ਸਮੇਂ ਦੇਸ਼ ਸੇਵਾ ਵਿਚ ਅਹਿਮ ਰੋਲ ਅਦਾ ਕਰਦੇ ਹਨ, ਉਥੇ ਉਹ ਦੇਸ਼ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਵੀ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਇਕ ਸਿਵਲ ਡਿਫੈਂਸ ਵਲੰਟੀਅਰ ਜਾਂ ਵਾਰਡਨ ਬਾਹਰੋਂ ਆਏ ਅਜਨਬੀ ਲੋਕਾਂ ’ਤੇ ਨਿਗ੍ਹਾ ਰੱਖਦਾ ਹੈ। ਅਨਿਲ ਪਰੂਥੀ ਨੇ ਕੈਂਪ ਵਿਚ ਹਿੱਸਾ ਲੈਣ ਵਾਲਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਦੀ ਵੀ ਅਪੀਲ ਕੀਤੀ। ਇਸ ਮੋਕੇ ਸਿਵਲ ਡਿਫੈਂਸ ਫਿਰੋਜ਼ਪੁਰ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਸਿਵਲ ਡਿਫੈਂਸ ਫਿਰੋਜ਼ਪੁਰ ਦੀ ਮੋਜੂਦਾ ਟੀਮ ਵਿਚੋਂ ਜਿਆਦਾਤਰ ਸਾਥੀਆਂ ਵੱਲੋਂ ਕਾਰਗਿਲ ਵਾਰ ਅਤੇ ਦੇਸ਼ ’ਤੇ ਹੋਏ ਪਾਰਲੀਮੈਂਟ ਅਟੈਕ ਮਗਰੋਂ ਬਣੇ ਹਲਾਤ ਦੌਰਾਨ ਵੀ ਕਾਫੀ ਕੰਮ ਕੀਤਾ । ਇਸ ਤੋਂ ਇਲਾਵਾ ਸਾਲ 2025 ਵਿਚ ਅਪਰੇਸ਼ਨ ਸਿੰਧੂਰ ਸਮੇਂ ਅਤੇ ਬਾਅਦ ਵਿਚ ਹੜ੍ਹਾਂ ਦੌਰਾਨ ਸਿਵਲ ਡਿਫੈਂਸ ਵਾਰਡਨਜ਼ ਨੇ ਬੜੀ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸ਼ਹੀਦ ਭਗਤ ਸਿੰਘ ਯੂਨੀਵਰਸਟੀ ਦੇ ਰਜਿਸਟਰਾਰ ਆਰ ਪੀ ਸਿੰਘ , ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ, ਪ੍ਰੇਮਨਾਥ ਸ਼ਰਮਾ ਡਿਪਟੀ ਚੀਫ ਵਾਰਡਨ ਸਿਵਲ ਡਿਫੈਂਸ,ਕੰਪਨੀ ਕਮਾਂਡਰ ਅਨੀਸ਼ ਗੁੱਪਤਾ, ਪਰਮਜੀਤ ਸਿੰਘ, ਰਮਨਦੀਪ ਸਿੰਘ ,ਰਾਜਕੁਮਾਰ ਪਲਾਟੂਨ ਕਮਾਂਡਰ, ਪੋਸਟ ਵਾਰਡਨ ਹਰੀ ਰਾਮ ਖਿੰਦੜੀ, ਰਾਜੇਸ਼ ਖੰਨਾ, ਦਲਬੀਰ ਸਿੰਘ,ਰਾਜੀਵ ਵਧਵਾ , ਅਰੁਣ ਸ਼ਰਮਾ, ਵਿਸ਼ਾਲਦੀਪ ਸਿੰਘ , ਨਵਜੋਤ ਸਿੰਘ ਅਤੇ ਸਮੂਹ ਸੈਕਟਰ ਵਾਰਡਨ ਹਾਜ਼ਰ ਸਨ।