ਝੂਠੇ ਪਰਚਿਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਵਿਧਾਇਕ ਜ਼ੀਰਾ ਦੇ ਦਫ਼ਤਰ ਅੱਗੇ ਧਰਨਾ
ਝੂਠੇ ਪਰਚਿਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਵਿਧਾਇਕ ਜ਼ੀਰਾ ਦੇ ਦਫ਼ਤਰ ਅੱਗੇ ਧਰਨਾ
Publish Date: Sat, 17 Jan 2026 05:47 PM (IST)
Updated Date: Sat, 17 Jan 2026 05:49 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅੱਜ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਜ਼ੀਰਾ–ਫਿਰੋਜ਼ਪੁਰ ਰੋਡ ’ਤੇ ਸਥਿਤ ਦਫ਼ਤਰ ਮੂਹਰੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਰੋਸ ਧਰਨਾ ਲਗਾਇਆ ਗਿਆ। ਇਸ ਦੌਰਾਨ ਭਾਰੀ ਸੰਖਿਆ ਵਿਚ ਸ਼ਾਮਲ ਹੋਏ ਕਿਸਾਨਾਂ ਨੇ ਸੜਕ ਜਾਮ ਕਰਕੇ ਵਿਧਾਇਕ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਪਿੰਡ ਵਲਟੋਹਾ ਵਿਖੇ ਇਕਾਈ ਪ੍ਰਧਾਨ ਨਿਰਮਲ ਸਿੰਘ ਸਮੇਤ ਜਥੇਬੰਦੀ ਦੇ 11 ਆਗੂਆਂ ’ਤੇ ਸਿਆਸੀ ਰੰਜਿਸ਼ ਦੇ ਤਹਿਤ ਪੁਲਿਸ ਵੱਲੋਂ ਝੂਠੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਮਸ਼ਾਨ ਘਾਟ ਵਿੱਚੋਂ ਦਰੱਖਤ ਵੱਢਣ ਦੇ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ, ਕਿਉਂਕਿ ਹਕੀਕਤ ਵਿੱਚ ਪਿੰਡ ਦੀ ਸੰਗਤ ਨੇ ਸਾਂਝੇ ਤੌਰ ’ਤੇ ਗੁਰਦੁਆਰਾ ਸਾਹਿਬ ਲਈ ਬਾਲਣ ਵੱਢਿਆ ਸੀ। ਇਸ ਮਾਮਲੇ ਨੂੰ ਤੋੜ–ਮਰੋੜ ਕੇ ਜਥੇਬੰਦੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ ਕਿ ਬਰਦਾਸ਼ਤਯੋਗ ਨਹੀਂ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਝੂਠੇ ਪਰਚੇ ਤੁਰੰਤ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਦੌਰਾਨ ਮੌਕੇ ’ਤੇ ਪਹੁੰਚੇ ਡੀਐੱਸਪੀ ਜ਼ੀਰਾ ਜਸਪਾਲ ਸਿੰਘ ਢਿੱਲੋ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ 15 ਦਿਨਾਂ ਦੇ ਅੰਦਰ–ਅੰਦਰ ਪਰਚੇ ਕੈਂਸਲ ਕਰਕੇ ਕਲੀਨ ਚਿੱਟ ਦੇਣ ਦਾ ਭਰੋਸਾ ਦਿੱਤਾ, ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਸਰਪ੍ਰਸਤ ਪੰਜਾਬ, ਜੋਗਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਪ੍ਰਗਟ ਸਿੰਘ ਲਹਿਰਾ, ਗੁਰਵਿੰਦਰ ਸਿੰਘ ਢਿੱਲੋਂ, ਬਲਦੇਵ ਸਿੰਘ, ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ, ਚਮਕੌਰ ਸਿੰਘ ਜੈਲਦਾਰ, ਭੁਪਿੰਦਰ ਸਿੰਘ ਔਲਖ ਜਨਰਲ ਸਕੱਤਰ ਪੰਜਾਬ, ਹਰਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ,ਰਾਜਵੀਰ ਸਿੰਘ ਗਿੱਲ ਸੰਧਵਾਂ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਲਖਬੀਰ ਸਿੰਘ ਨਿੱਝਰ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਗੁਰਪ੍ਰਤਾਪ ਸਿੰਘ, ਦਵਿੰਦਰ ਸਿੰਘ ਸਰਾਂ, ਬਾਪੂ ਫਤਿਹ ਸਿੰਘ ਭਿੰਡਰ, ਸੂਰਤ ਸਿੰਘ, ਸੁਰਜੀਤ ਸਿੰਘ ਰੰਧਾਵਾ, ਸੁੱਖਾ ਸਿੰਘ ਵਿਰਕ, ਸੁਖਚੈਨ ਸਿੰਘ ਬੰਡਾਲਾ, ਨਿਸ਼ਾਨ ਸਿੰਘ ਫੌਜ਼ੀ, ਗੁਰਪਾਲ ਸਿੰਘ, ਗੁਰਨਾਮ ਸਿੰਘ ਬੰਡਾਲਾ, ਰਣਜੀਤ ਸਿੰਘ ਬੰਡਾਲਾ, ਗੁਰਨੇਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।