ਵਿਵੇਕਾਨੰਦ ਵਰਲਡ ਸਕੂਲ ’ਚ ‘ਐਸਟਰੋ ਕਾਰਨੀਵਲ’ ਲਗਾਇਆ
ਵਿਵੇਕਾਨੰਦ ਵਰਲਡ ਸਕੂਲ ਵਿਚ ਸਪੇਸ ਇੰਡੀਆ ਦੇ ਸਹਿਯੋਗ ਨਾਲ ਐਸਟਰੋ ਕਾਰਨੀਵਲ ਦਾ ਸ਼ਾਨਦਾਰ ਆਯੋਜਨ
Publish Date: Sat, 15 Nov 2025 04:59 PM (IST)
Updated Date: Sat, 15 Nov 2025 05:02 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਵੇਕਾਨੰਦ ਵਰਲਡ ਸਕੂਲ ਵਿੱਚ ਸਪੇਸ ਇੰਡੀਆ ਦੇ ਸਹਿਯੋਗ ਨਾਲ ਐਸਟਰੋ ਕਾਰਨੀਵਲ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਡਾ. ਐੱਸਐੱਨ ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਨੇ ਅੱਜ ਵਿਗਿਆਨ ਅਤੇ ਪੁਲਾੜ ਦੀ ਸਿੱਖਿਆ ਨੂੰ ਹੋਰ ਜ਼ਿਆਦਾ ਰੋਚਕ ਕਰਨ ਦੇ ਉਦੇਸ਼ ਨਾਲ ਸਪੇਸ ਇੰਡੀਆ ਦੇ ਸਹਿਯੋਗ ਨਾਲ ਐਸਟਰੋ ਕਾਰਨੀਵਲ ਦਾ ਸਫਲ ਆਯੋਜਨ ਕੀਤਾ। ਇਹ ਵਿਸ਼ੇਸ਼ ਪ੍ਰੋਗਰਾਮ ਕੇਵਲ ਵੀਡਬਲਯੂਐੱਸ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ, ਜਿਸਦਾ ਉਦੇਸ਼ ਪੁਲਾੜ ਦੇ ਵਿਗਿਆਨ ਨਾਲ ਜੁੜੀਆਂ ਰੋਚਕ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਵਿਗਿਆਨਿਕ ਜਿਗਿਆਸਾ, ਖੋਜ ਭਾਵਨਾ ਨੂੰ ਉਭਾਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਬੜੇ ਉਤਸ਼ਾਹਪੂਰਨ ਮਾਹੌਲ ਵਿਚ ਹੋਈ, ਜਿੱਥੇ ਵਿਦਿਆਰਥੀਆਂ ਨੂੰ ਅੰਤਰਿਕਸ਼ ਨਾਲ ਸਬੰਧਤ ਵੱਖ-ਵੱਖ ਧਾਰਣਾਵਾਂ ਅਤੇ ਤਕਨੀਕਾਂ ਨੂੰ ਹਕੀਕਤੀ ਰੂਪ ਵਿਚ ਸਮਝਣ ਦਾ ਮੌਕਾ ਮਿਲਿਆ। ਇਸ ਐਸਟਰੋ ਕਾਰਨੀਵਲ ਦੀਆਂ ਪ੍ਰਮੁੱਖ ਗਤੀਵਿਧੀਆਂ ਵਿਚ ਸੂਰਜ ਨੂੰ ਦੇਖਣਾ, ਹਾਈਡਰੋ ਰਾਕੇਟਰੀ ਅਤੇ ਪਲੇਨੇਟੇਰੀਅਮ ਸ਼ੋਅ ਸ਼ਾਮਲ ਰਹੇ। ਸੂਰਜ ਅਵੀਲੋਕਨ ਦੌਰਾਨ ਵਿਦਿਆਰਥੀਆਂ ਨੇ ਖ਼ਾਸ ਸੌਰ ਟੈਲੀਸਕੋਪ ਦੀ ਮੱਦਦ ਨਾਲ ਸੂਰਜ ਦਾ ਸੁਰੱਖਿਅਤ ਨਿਰੀਖਣ ਕੀਤਾ ਅਤੇ ਸੂਰਜ ਦੇ ਵੱਖ-ਵੱਖ ਪੱਖਾਂ ਬਾਰੇ ਗਿਆਨ ਪ੍ਰਾਪਤ ਕੀਤਾ। ਹਾਈਡਰੋ ਰਾਕੇਟਰੀ ਨੇ ਬੱਚਿਆਂ ਵਿਚ ਬੇਹੱਦ ਉਤਸ਼ਾਹ ਭਰ ਦਿੱਤਾ, ਜਿੱਥੇ ਉਨ੍ਹਾਂ ਨੇ ਖੁਦ ਪਾਣੀ ਨਾਲ ਚੱਲਣ ਵਾਲੇ ਰਾਕੇਟ ਬਣਾਏ ਅਤੇ ਉਨ੍ਹਾਂ ਨੂੰ ਚਲਾਉਣ ਦੀ ਪ੍ਰਕਿਰਿਆ ਦਾ ਤਜਰਬਾ ਕੀਤਾ। ਪਲੇਨੇਟੇਰੀਅਮ ਸ਼ੋਅ ਨੇ ਵਿਦਿਆਰਥੀਆਂ ਨੂੰ ਤਾਰਿਆਂ, ਨਕਸ਼ਤਰਾਂ ਅਤੇ ਬ੍ਰਹਿਮੰਡ ਦੀ ਅਦਭੁਤ ਦੁਨੀਆਂ ਵਿਚ ਵਰਚੁਅਲ ਯਾਤਰਾ ਕਰਾਈ, ਜਿਸਨੂੰ ਬੱਚਿਆਂ ਨੇ ਬਹੁਤ ਹੀ ਰੋਮਾਂਚਕ ਅਤੇ ਗਿਆਨਵਾਨ ਦੱਸਿਆ। ਡਾ. ਰੁਦਰਾ ਨੇ ਕਿਹਾ ਕਿ ਐਸਟਰੋ ਕਾਰਨੀਵਲ ਦਾ ਉਦੇਸ਼ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਬਾਹਰ ਇਕ ਅਸਲ ਵਿਗਿਆਨਿਕ ਅਨੁਭਵ ਦੇਣਾ ਹੈ, ਤਾਂ ਜੋ ਉਹ ਭਵਿੱਖ ਵਿਚ ਇਨ੍ਹਾਂ ਖੇਤਰਾਂ ਵਿਚ ਰੁਚੀ ਨਾਲ ਅੱਗੇ ਵਧ ਸਕਣ। ਪ੍ਰੋਗਰਾਮ ਦੌਰਾਨ ਬੱਚਿਆਂ ਨੇ ਉਤਸ਼ਾਹ, ਜਿਗਿਆਸਾ ਅਤੇ ਖੁਸ਼ੀ ਨਾਲ ਭਰੇ ਪਲ ਸਾਂਝੇ ਕੀਤੇ। ਵਿਵੇਕਾਨੰਦ ਵਰਲਡ ਸਕੂਲ ਦੁਆਰਾ ਇਸ ਤਰ੍ਹਾਂ ਦੇ ਸਿੱਖਿਆਦਾਇਕ ਪ੍ਰੋਗਰਾਮ ਭਵਿੱਖ ਵਿਚ ਵੀ ਜਾਰੀ ਰਹਿਣਗੇ, ਤਾਂ ਜੋ ਵਿਦਿਆਰਥੀਆਂ ਵਿਚ ਵਿਗਿਆਨ, ਤਕਨੀਕ ਅਤੇ ਨਵਾਚਾਰ ਪ੍ਰਤੀ ਸਕਾਰਾਤਮਕ ਸੋਚ ਦਾ ਵਾਧਾ ਹੋਵੇ। ਸਕੂਲ ਨੇ ਸਭ ਹੀ ਬੱਚਿਆਂ, ਅਧਿਆਪਕਾਂ ਅਤੇ ਸਪੇਸ ਇੰਡੀਆ ਦੀ ਟੀਮ ਦਾ ਧੰਨਵਾਦ ਕੀਤਾ।