ਫਲਿਪਕਾਰਟ ਤੇ ਈਕਾਰਟ ਦੇ ਦਫ਼ਤਰ ’ਚੋਂ 6 ਲੱਖ ਦੇ ਪਾਰਸਲ ਤੇ ਨਕਤੀ ਚੋਰੀ
ਫਲਿਪਕਾਰਟ ਅਤੇ ਈਕਾਰਟ ਦੇ ਦਫਤਰ ’ਚੋਂ 70 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ 6 ਲੱਖ ਰੁਪਏ ਦੇ ਕਰੀਬ ਕੀਮਤ
Publish Date: Sat, 03 Jan 2026 04:13 PM (IST)
Updated Date: Sat, 03 Jan 2026 04:14 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਪੁਰਾਣੀ ਤਲਵੰਡੀ ਰੋਡ ਤੇ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸਕੂਲ ਦੇ ਸਾਹਮਣੇ ਫਲਿਪਕਾਰਟ ਅਤੇ ਈਕਾਰਟ ਦੇ ਦਫਤਰ ਵਿੱਚੋਂ 70 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ 6 ਲੱਖ ਰੁਪਏ ਦੇ ਕਰੀਬ ਕੀਮਤ ਦੇ ਪਾਰਸਲ ਚੋਰੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਲਿਪਕਾਰਟ ਅਤੇ ਈਕਾਰਟ ਦੇ ਮੈਨੇਜਰ ਲਵਦੀਪ, ਰਾਹੁਲ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ੀਰਾ ਦੀ ਪੁਰਾਣੀ ਤਲਵੰਡੀ ਰੋਡ ਤੇ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸਕੂਲ ਦੇ ਸਾਹਮਣੇ ਉਨ੍ਹਾਂ ਦੀ ਫਲਿਪਕਾਰਟ ਅਤੇ ਈਕਾਰਟ ਕੋਰੀਅਰ ਸਰਵਿਸ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਜਦ ਉਹ ਆਪਣੀ ਦੁਕਾਨ ਤੇ ਆਏ ਤਾਂ ਉਨ੍ਹਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਜਦ ਉਨ੍ਹਾਂ ਦੁਕਾਨ ਦੇ ਅੰਦਰ ਜਾ ਕੇ ਵੇਖਿਆ ਤਾਂ ਦੁਕਾਨ ਦੇ ਗੱਲੇ ਵਿੱਚੋਂ 70 ਹਜਾਰ ਰੁਪਏ ਦੇ ਕਰੀਬ ਨਕਦੀ ਗਾਇਬ ਸੀ ਅਤੇ ਦੁਕਾਨ ਵਿਚ ਪਏ ਪਾਰਸਲ ਵੀ ਗਾਇਬ ਸਨ, ਜਿਨ੍ਹਾਂ ਵਿਚ ਲਗਭਗ 6 ਲੱਖ ਰੁਪਏ ਦੇ ਕਰੀਬ ਆਈ ਫੋਨ, ਮੋਬਾਇਲ ਫੋਨ ਅਤੇ ਹੋਰ ਕੀਮਤੀ ਸਮਾਨ ਸੀ। ਉਨ੍ਹਾਂ ਕਿਹਾ ਕਿ ਚੋਰ ਦੁਕਾਨ ਵਿਚ ਲੱਗਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਮੈਨੇਜਰ ਲਵਦੀਪ ਨੇ ਕਿਹਾ ਕਿ ਦੁਕਾਨ ਵਿੱਚ ਪਏ ਬਾਕੀ ਪਾਰਸਲਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ’ਤੇ ਪਹੁੰਚੇ ਥਾਣਾ ਸਿਟੀ ਜ਼ੀਰਾ ਦੇ ਏਐੱਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨ ਦੇ ਆਸ -ਪਾਸ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਪੜਤਾਲ ਕਰਕੇ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।