ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 50 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਫੜਿਆ
ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 50 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਫੜਿਆ
Publish Date: Sat, 22 Nov 2025 05:56 PM (IST)
Updated Date: Sat, 22 Nov 2025 05:58 PM (IST)

-ਗੁਜਰਾਤ ਰਸਤੇ ਜਾਂ ਫਾਜ਼ਿਲਕਾ ਬਾਰਡਰ ਰਾਹੀਂ ਪਾਕਿਸਤਾਨੋਂ ਆਈ ਸੀ ਹੈਰੋਇਨ -ਬਦਨਾਮ ਹਿਸਟਰੀਸ਼ੀਟਰ ਹੈ ਸੰਦੀਪ ਉਰਫ ਸੀਪਾ ਖ਼ਿਲਾਫ਼ ਪਹਿਲੋਂ ਹੀ ਦਰਜ ਹਨ 8 ਮਾਮਲੇ : ਏਆਈਜੀ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਐਂਟੀ ਨਾਰਕੋਟਿਕਸ ਟਾਸਕ ਫੋਰਸ ਜ਼ਿਲ੍ਹਾ ਫਿਰੋਜ਼ਪੁਰ ਟੀਮ ਵੱਲੋਂ 50 ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰ ਫੜੇ ਜਾਣ ਦੀ ਖ਼ਬਰ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਏਆਈਜੀ ਏਐਨਟੀਐਫ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਏਐਨਟੀਐਫ ਦੀਆਂ ਟੀਮਾਂ ਨੂੰ ਖ਼ਬਰੀ ਨੈਟਵਰਕ ਤੋਂ ਪਤਾ ਲੱਗਾ ਸੀ ਕਿ 8 ਐਨਡੀਪੀਐਸ ਦੇ ਮਾਮਲਿਆਂ ਵਿਚ ਲੁੜੀਂਦਾ ਤਸਕਰ ਸੰਦੀਪ ਸਿੰਘ ਉਰਫ ਸੀਪਾ 3 ਨਵੰਬਰ 2025 ਨੂੰ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਹੈ। ਉਸ ਸਮੇਂ ਤੋਂ ਏਐਨਟੀਐਫ ਦੀਆਂ ਟੀਮਾਂ ਸੀਪਾ ਦੀ ਪੈੜ ਨੱਪ ਰਹੀਆਂ ਸਨ। ਬੀਤੇ ਦਿਨ ਖ਼ਬਰੀ ਨੇ ਇਤਲਾਹ ਦਿੱਤੀ ਕਿ ਸੰਦੀਪ ਉਰਫ ਸੀਪਾ ਜ਼ਿਲ੍ਹਾ ਫਾਜ਼ਿਲਕਾ ਤੋਂ ਨਸ਼ੇ ਦੀ ਵੱਡੀ ਖੇਪ ਲਿਆ ਸਕਦਾ ਹੈ। ਇਸ ’ਤੇ ਡੀਐੱਸਪੀ ਭੁਪਿੰਦਰ ਸਿੰਘ ਦੀ ਅਗਵਾਈ ਵਿਚ ਸਬ ਇੰਸਪੈਕਟਰ ਹਰਦੇਵ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ 21 ਨਵੰਬਰ ਸ਼ਾਮ ਨੂੰ ਫਾਜ਼ਿਲਕਾ ਫਿਰੋਜ਼ਪੁਰ ਸੜਕ ‘ਤੇ ਸੀਪਾ ਦੀ ਚਿੱਟੀ ਕੀਆ ਸੈਲਟੋਸ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਰੁਕਣ ਦੀ ਬਜਾਏ ਗੱਡੀ ਭਜਾ ਲਈ। ਪੁਲਿਸ ਟੀਮ ਵੱਲੋਂ ਤੇਜ਼ ਰਫ਼ਤਾਰ ਨਾਲ ਪਿੱਛਾ ਕਰਦਿਆਂ ਸੀਪਾ ਨੂੰ ਮਮਦੋਟ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਰਾਉਕੇ ਕੋਲ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਘੇਰ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ। ਗੱਡੀ ਦੀ ਪੂਰੀ ਤਲਾਸ਼ੀ ਲੈਣ ‘ਤੇ 50 ਕਿਲੋ 14 ਗ੍ਰਾਮ ਹਾਈ-ਗ੍ਰੇਡ ਹੈਰੋਇਨ ਮਿਲੀ, ਜੋ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਏਐਨਟੀਐਫ ਫਿਰੋਜ਼ਪੁਰ ਦੁਆਰਾ ਕੀਤੀ ਗਈ ਸਭ ਤੋਂ ਵੱਡੀ ਬਰਾਮਦਗੀਆਂ ’ਚੋਂ ਇੱਕ ਹੈ। ਪੁਲਿਸ ਵੱਲੋਂ ਸੰਦੀਪ ਖਿਲਾਫ ਥਾਣਾ ਏਐਨਟੀਐਫ ਐਸਏਐਸ ਨਗਰ ਵਿੱਚ ਮਾਮਲਾ ਦਰਜ ਕਰਦਿਆਂ ਉਸਦੇ ਅੱਗੇ ਅਤੇ ਪਿੱਛੇ ਲਿੰਕੇਜ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ------------------------------------------------------------------------------------ ਬਦਨਾਮ ਹਿਸਟਰੀਸ਼ੀਟਰ ਹੈ ਗ੍ਰਿਫਤਾਰ ਕੀਤਾ ਗਿਆ ਸੰਦੀਪ ਉਰਫ ਸੀਪਾ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ, ਸੰਦੀਪ ਸਿੰਘ ਉਰਫ਼ ਸੀਪਾ, ਇੱਕ ਬਦਨਾਮ ਹਿਸਟਰੀਸ਼ੀਟਰ ਹੈ ਜਿਸਦੇ ਵਿਰੁੱਧ ਕਪੂਰਥਲਾ ਅਤੇ ਆਸ ਪਾਸ ਦੇ ਵੱਖ-ਵੱਖ ਥਾਣਿਆਂ ’ਚ ਹੈਰੋਇਨ, ਨਸ਼ੀਲੀਆਂ ਗੋਲੀਆਂ ਰੱਖਣ ਅਤੇ ਅਗਵਾ ਕਰਨ ਅਤੇ ਧਮਕੀਆਂ ਦੇਣ ਵਰਗੇ ਹੋਰ ਅਪਰਾਧਾਂ ਲਈ ਪਹਿਲਾਂ ਹੀ ਅੱਠ ਮਾਮਲੇ ਦਰਜ ਹਨ। ਪੁਲਿਸ ਵੱਲੋਂ ਉਸ ਦੇ ਸਰਹੱਦ ਪਾਰ ਅਤੇ ਸਰਹੱਦ ਤੋਂ ਇਧਰ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। -------------------------------------------------------------------------------- ਗੁਜਰਾਤ ਰਸਤੇ ਜਾਂ ਫਾਜ਼ਿਲਕਾ ਬਾਰਡਰ ਰਾਹੀਂ ਪਾਕਿਸਤਾਨੋਂ ਆਈ ਸੀ ਹੈਰੋਇਨ ਏਐਨਟੀਐਫ ਦੇ ਏਆਈਜੀ ਮੁਤਾਬਕ ਪੁਲਿਸ ਨੂੰ ਪਤਾ ਲੱਗਾ ਸੀ ਕਿ ਸੰਦੀਪ ਉਰਫ ਸੀਪਾ ਨੇ ਪਾਕਿਸਤਾਨੋਂ ਆਈ ਹੈਰੋਇਨ ਜਲਾਲਾਬਾਦ ਦੇ ਸਰਹੱਦੀ ਪਿੰਡ ਬੱਗੇ ਕੇ ਉਤਾੜ ਵਿਖੇ ਇਕੱਠੀ ਕੀਤੀ ਹੋਈ ਹੈ। ਹਾਲਾਂਕਿ ਪੁਲਿਸ ਅਜੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹੈਰੋਇਨ ਜ਼ਿਲ੍ਹਾ ਫਾਜ਼ਿਲਕਾ ਤੋਂ ਪਾਕਿਸਤਾਨ ਵਾਲੇ ਪਾਸਿਓਂ ਆਈ ਹੈ ਜਾਂ ਗੁਜਰਾਤ ਦੇ ਸਮੁੰਦਰੀ ਰਾਹ ਤੋਂ ਆ ਕੇ ਪੰਜਾਬ ਸਪਲਾਈ ਕੀਤੀ ਗਈ ਸੀ।