ਆਂਗਨਵਾੜੀ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਭੇਜਿਆ ਪੱਤਰ
ਆਂਗਨਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਅਣਡਿੱਠੀਆਂ, ਯੂਨੀਅਨ ਨੇ ਮੰਤਰੀ ਤੋਂ ਮੀਟਿੰਗ ਦੀ ਮੰਗ ਕੀਤੀ
Publish Date: Wed, 28 Jan 2026 06:17 PM (IST)
Updated Date: Wed, 28 Jan 2026 06:19 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਪੱਤਰ ਭੇਜ ਕੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਲੰਮੇ ਸਮੇਂ ਤੋਂ ਲਟਕੀਆਂ ਮੰਗਾਂ ਦੇ ਹੱਲ ਲਈ ਤੁਰੰਤ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ। ਬਲਾਕ ਪ੍ਰਧਾਨ ਕਾਂਤਾ ਰਾਣੀ ਮਮਦੋਟ ਅਤੇ ਜਸਪਲ ਕੌਰ ਬਲਾਕ ਪ੍ਰਧਾਨ ਫਿਰੋਜ਼ਪੁਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਮੁੱਖ ਮਸਲੇ ਅਜੇ ਤੱਕ ਹੱਲ ਨਹੀਂ ਹੋ ਸਕੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਲਗਭਗ 54 ਹਜ਼ਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁਜਰਾਤ ਹਾਈਕੋਰਟ ਦੇ ਫੈਸਲੇ ਅਨੁਸਾਰ ਵਰਕਰਾਂ ਨੂੰ ਗ੍ਰੇਡ-3 ਅਤੇ ਹੈਲਪਰਾਂ ਨੂੰ ਗ੍ਰੇਡ-4 ਦਾ ਦਰਜਾ ਦੇਣ ਜਾਂ ਘੱਟੋ-ਘੱਟ ਮੈਨੀਫੈਸਟੋ ਅਨੁਸਾਰ ਮਾਨਭੱਤਾ ਦੁੱਗਣਾ ਕਰਨ ਦੀ ਮੰਗ ਕੀਤੀ ਗਈ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਦਾ ਹਵਾਲਾ ਦਿੰਦਿਆਂ ਯੂਨੀਅਨ ਨੇ ਮੰਗ ਕੀਤੀ ਕਿ 0 ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਪ੍ਰੀ-ਸਕੂਲ ਸਿੱਖਿਆ ਆਂਗਨਵਾੜੀ ਕੇਂਦਰਾਂ ਰਾਹੀਂ ਹੀ ਦਿੱਤੀ ਜਾਵੇ ਅਤੇ ਵਰਕਰਾਂ ਨੂੰ ਐੱਨਟੀਟੀ ਅਧਿਆਪਕਾਂ ਦੇ ਸਮਾਨ ਦਰਜਾ ਮਿਲੇ। ਇਸ ਤੋਂ ਇਲਾਵਾ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਗ੍ਰੈਚੂਟੀ ਲਾਗੂ ਕਰਨ ਦੀ ਮੰਗ ਵੀ ਦੁਹਰਾਈ ਗਈ। ਪੋਸ਼ਣ ਟਰੈਕ ਐਪ ਸਬੰਧੀ ਯੂਨੀਅਨ ਨੇ ਕਿਹਾ ਕਿ ਨਿੱਜੀ ਮੋਬਾਇਲਾਂ ਨਾਲ ਕੰਮ ਕਰਵਾਉਣਾ ਨਿਆਂ ਸੰਗਤ ਨਹੀਂ। ਇਸ ਲਈ ਸਰਕਾਰੀ ਤੌਰ ’ਤੇ ਮੋਬਾਇਲ ਜਾਂ ਲੈਪਟਾਪ ਅਤੇ ਵਾਈ-ਫਾਈ ਦੀ ਸਹੂਲਤ ਦਿੱਤੀ ਜਾਵੇ। ਜਸਵਿੰਦਰ ਕੌਰ ਅਜਨਾਲਾ ਦੀ ਬਰਖਾਸਤਗੀ ਨੂੰ ਗੈਰ-ਇਨਸਾਫੀ ਕਰਾਰ ਦਿੰਦਿਆਂ ਉਸ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਗਈ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਂਗਨਵਾੜੀ ਮੁਲਾਜ਼ਮ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਗੁਰਮੀਤ ਕੌਰ ਆਂਗਨਵਾੜੀ ਵਰਕਰ ਪੀਰ ਖਾਂ ਸ਼ੇਖ, ਰਜਨੀ ਬਾਲਾ ਆਂਗਨਵਾੜੀ ਵਰਕਰ ਅਤੇ ਹੋਰ ਯੂਨੀਅਨ ਦੀਆਂ ਆਂਗਨਵਾੜੀ ਵਰਕਰਾਂ ਹਾਜ਼ਰ ਸੀ।