ਪੁਰਾਣੀ ਪੈਨਸ਼ਨ ਦੀ ਬਹਾਲੀ ਸੰਬੰਧੀ ਦਿੱਲੀ ਰੈਲੀ ’ਚ ਕੀਤੀ ਜਾਵੇਗੀ ਸ਼ਮੂਲੀਅਤ
ਪੁਰਾਣੀ ਪੈਨਸ਼ਨ ਦੀ ਬਹਾਲੀ ਸੰਬੰਧੀ ਦਿੱਲੀ ਰੈਲੀ ਵਿੱਚ ਕੀਤੀ ਜਾਵੇਗੀ ਸ਼ਮੂਲੀਅਤ
Publish Date: Sun, 23 Nov 2025 05:03 PM (IST)
Updated Date: Sun, 23 Nov 2025 05:04 PM (IST)

ਸਟਾਫ ਰਿਪੋਰਟਰ ਪੰਜਾਬੀ ਜਾਗਰਣ, ਫਾਜ਼ਿਲਕਾ: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬਾਈ ਫੈਸਲੇ ਤਹਿਤ ਐੱਨਐੱਮਓਪੀਐੱਸ ਵੱਲੋਂ 25 ਨਵੰਬਰ ਨੂੰ ਦਿੱਲੀ ਵਿਚ ਕੀਤੀ ਜਾਣ ਵਾਲੀ ਦੇਸ਼ ਪੱਧਰੀ ਰੈਲੀ ਦਾ ਸਮਰਥਨ ਕਰਦਿਆਂ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੂਬਾ ਆਗੂ ਅਤਿੰਦਰ ਪਾਲ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਇੰਦਰ ਸੁਖਦੀਪ ਸਿੰਘ ਓਢਰਾ, ਦਲਜੀਤ ਸਫ਼ੀਪੁਰ, ਜਸਵੀਰ ਸਿੰਘ ਭੰਮਾ ਅਤੇ ਜ਼ਿਲ੍ਹਾ ਫਾਜ਼ਿਲਕਾ ਕਨਵੀਨਰ ਜਗਦੀਸ਼ ਸੱਪਾਂ ਵਾਲੀ ਨੇ ਕਿਹਾ ਕਿ ਕੇਂਦਰੀ ਮੋਦੀ ਹਕੂਮਤ ਦੀ ਪੁਰਾਣੀ ਪੈਨਸ਼ਨ ਵੱਲ ਵੱਧਣ ਵਾਲੇ ਸੂਬਿਆਂ ਦੀ ਆਰਥਿਕ ਘੇਰਾਬੰਦੀ ਕਰਕੇ ਸੂਬਾ ਸਰਕਾਰਾਂ ਨੂੰ ਪੁਰਾਣੀ ਪੈਨਸ਼ਨ ਤੋਂ ਪਿੱਛੇ ਹੱਟਣ ਲਈ ਮਜਬੂਰ ਕਰਨ ਦੀ ਬਾਂਹਮਰੋੜਨ ਵਾਲੀ ਨੀਤੀ ਮੁਲਾਜ਼ਮਾਂ ਦੇ ਹੱਕਾਂ ਉੱਤੇ ਸਿੱਧਾ ਡਾਕਾ ਹੈ। ਜਦੋਂ ਤੋਂ ਸੂਬਿਆ ਅੰਦਰ ਜਿਨ੍ਹਾਂ ਵਿਚ ਝਾਰਖੰਡ, ਛੱਤੀਸਗੜ੍ਹ, ਰਾਜਸਥਾਨ, ਹਿਮਾਚਲ ਪ੍ਰਦੇਸ਼ ਆਦਿ ਸ਼ਾਮਿਲ ਹਨ, ਨੇ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਉਸੇ ਸਮੇਂ ਤੋਂ ਕੇਂਦਰੀ ਮੋਦੀ ਸਰਕਾਰ ਖੁੱਲ੍ਹ ਕੇ ਪੁਰਾਣੀ ਪੈਨਸ਼ਨ ਖਿਲਾਫ ਕੂੜਪ੍ਰਚਾਰ ਕਰ ਰਹੀ ਹੈ। ਕੇਂਦਰੀ ਭਾਜਪਾ ਹਕੂਮਤ ਵੱਲੋਂ, ਆਪਣੇ ਮੰਤਰੀਆਂ, ਕਾਰਪੋਰੇਟ ਪੱਖੀ ਅਰਥਸ਼ਾਸਤਰੀਆਂ ਅਤੇ ਨੀਤੀਕਾਰਾਂ ਰਾਹੀਂ ਪੁਰਾਣੀ ਪੈਨਸ਼ਨ ਵਿਵਸਥਾ ਨੂੰ ਕੌਮੀ ਵਿਕਾਸ ਅਤੇ ਅਰਥਚਾਰੇ ਲਈ ਘਾਤਕ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਜਦੋਂ ਕਿ ਇਸੇ ਸਰਕਾਰ ਦੁਆਰਾ ਕਾਰਪੋਰੇਟ ਘਰਾਣਿਆਂ ਹੱਥੋਂ ਦੇਸ਼ ਦੇ ਕੀਮਤੀ ਸੰਸਾਧਨਾਂ ਨੂੰ ਲੁਟਾਇਆ ਜਾ ਰਿਹਾ ਹੈ। ਇਸ ਮੌਕੇ ਜਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਜਗਦੀਸ਼ ਫਾਜ਼ਿਲਕਾ ਨੇ ਕਿਹਾ ਕਿ ਭਾਵੇਂ ਕਿ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ ਅਤੇ ਦੇਸ਼ ਵਿਆਪੀ ਰੋਸ ਦੇ ਫਲਸਰੂਪ ਕੇਂਦਰ ਸਰਕਾਰ ਮੁਲਾਜ਼ਮਾਂ ਲਈ ਯੂਪੀਐੱਸ ਸਕੀਮ ਲੈ ਕੇ ਆਈ ਹੈ ਪਰ ਉਸ ਨੂੰ ਵੀ ਮੁਲਾਜ਼ਮਾਂ ਦੀ ਵੱਡੀ ਗਿਣਤੀ ਨੇ ਨਕਾਰ ਦਿੱਤਾ ਹੈ। ਅਤੇ ਸਮੂਹ ਮੁਲਾਜ਼ਮ 1972 ਵਾਲੀ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਲਾਗੂ ਕਰਵਾਉਣ ਲਈ ਬਜਿੱਦ ਹਨ। ਜਿਸ ਦੇ ਲਈ ਦੇਸ਼ ਵਿਆਪੀ ਸੰਘਰਸ਼ ਉਭਰ ਰਿਹਾ ਹੈ । ਇਸ ਦੇਸ਼ ਵਿਆਪੀ ਸੰਘਰਸ਼ ਵਿੱਚ ਸ਼ਮੂਲੀਅਤ ਲਈ ਅਤੇ ਸੰਘਰਸ਼ੀ ਸਾਂਝ ਨੂੰ ਹੋਰ ਤਗੜਾ ਕਰਨ ਲਈ ਜਿੱਥੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ 25 ਨਵੰਬਰ ਦੀ ਦਿੱਲੀ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਵਿੱਚ ਸ਼ਮੂਲੀਅਤ ਕਰੇਗਾ ਉਥੇ ਭਵਿੱਖ ਵਿੱਚ ਵੀ ਪੈਨਸ਼ਨ ਦੇ ਮੁੱਦੇ ਤੇ ਹੋਣ ਵਾਲੇ ਸਮੁੱਚੇ ਪ੍ਰੋਗਰਾਮਾਂ ਵਿਚ ਆਪਣੀ ਸ਼ਮੂਲੀਅਤ ਕਰੇਗਾ। ਇਸ ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਕਮੇਟੀ ਮੈਂਬਰ ਪ੍ਰੇਮ ਕੰਬੋਜ,ਹੈੱਡ ਮਾਸਟਰ ਦਿਨੇਸ਼ ਕੁਮਾਰ, ਗੁਰਮੇਲ ਸਿੰਘ, ਜੋਗਿੰਦਰ ਪਾਲ, ਮਹਿੰਦਰ ਇਕਵੰਨ, ਓਮ ਪ੍ਰਕਾਸ਼, ਮਹਿੰਦਰ ਪ੍ਰਤਾਪ, ਸੁਨੀਲ ਕੋਇਲ ਖੇੜਾ, ਰਾਜ ਕੁਮਾਰ, ਸੰਦੀਪ ਕੁਮਾਰ, ਮੋਹਿੰਦਰ ਕੁਮਾਰ ਆਦਿ ਹਾਜ਼ਰ ਸਨ।