ਫਿਰੋਜ਼ਪੁਰ RTO ਦਫ਼ਤਰ 'ਚ ਵਿਜੀਲੈਂਸ ਦੀ ਅਚਨਚੇਤ ਰੇਡ: ਹੈਵੀ ਲਾਇਸੰਸ ਰਿਕਾਰਡ ਕਬਜ਼ੇ 'ਚ, ਮੁਲਾਜ਼ਮਾਂ 'ਚ ਮਚੀ ਭਾਜੜ
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਨੂੰ ਕਿਸੇ ਵਿਅਕਤੀ ਵੱਲੋਂ ‘ਹੈਵੀ ਵਹੀਕਲ ਲਾਇਸੰਸ’ ਬਣਾਉਣ ਦੀ ਪ੍ਰਕਿਰਿਆ ਅਤੇ ਉਸ ਨਾਲ ਸਬੰਧਤ ਡਾਕੂਮੈਂਟੇਸ਼ਨ ਵਿਚ ਹੋ ਰਹੀਆਂ ਕਥਿਤ ਬੇਨਿਯਮੀਆਂ ਬਾਰੇ ਸ਼ਿਕਾਇਤ ਮਿਲੀ ਸੀ।
Publish Date: Fri, 20 Mar 2026 08:12 AM (IST)
Updated Date: Fri, 20 Mar 2026 08:14 AM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਵੀਰਵਾਰ ਨੂੰ ਫਿਰੋਜ਼ਪੁਰ ਦੇ ਖੇਤਰੀ ਟਰਾਂਸਪੋਰਟ ਅਫਸਰ (ਆਰਟੀਓ) ਦਫਤਰ ਵਿਖੇ ਉਸ ਸਮੇਂ ਤਰਥੱਲੀ ਮੱਚ ਗਈ, ਜਦੋਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਅਚਾਨਕ ਉੱਥੇ ਦਸਤਕ ਦਿੱਤੀ। ਵਿਜੀਲੈਂਸ ਦੀ ਇਸ ਕਾਰਵਾਈ ਨਾਲ ਦਫਤਰ ਵਿੱਚ ਮੌਜ਼ੂਦ ਕਰਮਚਾਰੀਆਂ ਅਤੇ ਆਮ ਲੋਕਾਂ ਵਿੱਚ ਭਾਰੀ ਭਾਜੜ ਪੈ ਗਈ। ਟੀਮ ਨੇ ਦਫਤਰ ਪਹੁੰਚਦਿਆਂ ਹੀ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਨੂੰ ਕਿਸੇ ਵਿਅਕਤੀ ਵੱਲੋਂ ‘ਹੈਵੀ ਵਹੀਕਲ ਲਾਇਸੰਸ’ ਬਣਾਉਣ ਦੀ ਪ੍ਰਕਿਰਿਆ ਅਤੇ ਉਸ ਨਾਲ ਸਬੰਧਤ ਡਾਕੂਮੈਂਟੇਸ਼ਨ ਵਿਚ ਹੋ ਰਹੀਆਂ ਕਥਿਤ ਬੇਨਿਯਮੀਆਂ ਬਾਰੇ ਸ਼ਿਕਾਇਤ ਮਿਲੀ ਸੀ। ਇਸ ਸ਼ਿਕਾਇਤ ’ਤੇ ਵਿਜੀਲੈਂਸ ਨੇ ਅੱਜ ਰਿਕਾਰਡਾਂ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਟੀਮ ਵੱਲੋਂ ਲਾਇਸੈਂਸ ਨਾਲ ਸਬੰਧਤ ਫਾਈਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਿਯਮਾਂ ਦੀ ਉਲੰਘਣਾ ਕਿੱਥੇ ਹੋਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਵਿਭਾਗ ਦੇ ਡੀਐੱਸਪੀ ਸੋਨਾ ਸਿੰਘ ਨੇ ਪੁਸ਼ਟੀ ਕੀਤੀ ਕਿ ਇਹ ਕਾਰਵਾਈ ਇਕ ਵਿਸ਼ੇਸ਼ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਨੇ ਜਾਂਚ ਦੇ ਗੁਪਤ ਹੋਣ ਦਾ ਹਵਾਲਾ ਦਿੰਦੇ ਹੋਏ ਫਿਲਹਾਲ ਜ਼ਿਆਦਾ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਅਸਲ ਸਥਿਤੀ ਸਪੱਸ਼ਟ ਹੋਵੇਗੀ। ਇਸ ਜਾਂਚ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਵਿਜੀਲੈਂਸ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ। ਦੇਖਣਾ ਇਹ ਹੋਵੇਗਾ ਕਿ ਕੀ ਇਸ ਜਾਂਚ ਵਿੱਚ ਕੋਈ ਵੱਡਾ ਖੁਲਾਸਾ ਹੁੰਦਾ ਹੈ ਜਾਂ ਫਿਰ ਕਿਸੇ ਅਧਿਕਾਰੀ ਜਾਂ ਕਰਮਚਾਰੀ ’ਤੇ ਗਾਜ ਡਿੱਗਦੀ ਹੈ।