ਵਿਜੀਲੈਂਸ ਟੀਮ ਨੇ ਪ੍ਰਾਪਰਟੀ ਟੈਕਸ, ਸੀਵਰੇਜ ਅਤੇ ਪਾਣੀ ਦੇ ਕੁਨੈਕਸ਼ਨਾਂ ਨਾਲ ਸਬੰਧਤ ਰਿਕਾਰਡਾਂ ਦੀ ਵੀ ਜਾਂਚ ਕੀਤੀ। ਸ਼ਿਕਾਇਤਾਂ ਅਨੁਸਾਰ ਟੈਕਸ ਵਸੂਲੀ ਅਤੇ ਬੁਨਿਆਦੀ ਸਹੂਲਤਾਂ ਵਿੱਚ ਗੜਬੜੀਆਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵਿਕਾਸ ਕਾਰਜਾਂ ਵਿੱਚ ਹੋਈ ਲਾਪਰਵਾਹੀ ਅਤੇ ਸਰਕਾਰੀ ਮਾਲੀਏ ਨੂੰ ਹੋਏ ਨੁਕਸਾਨ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।

ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫਾਜ਼ਿਲਕਾ: ਫਾਜ਼ਿਲਕਾ ਨਗਰ ਕੌਂਸਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਚੰਡੀਗੜ੍ਹ ਤੋਂ ਪਹੁੰਚੀ ਪੰਜਾਬ ਵਿਜਲੈਂਸ ਬਿਊਰੋ ਦੀ ਵਿਸ਼ੇਸ਼ ਟੀਮ ਨੇ ਅਚਾਨਕ ਛਾਪੇਮਾਰੀ ਕਰ ਦਿੱਤੀ। ਟੀਮ ਵੱਲੋਂ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਰਿਕਾਰਡਾਂ ਅਤੇ ਫਾਈਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਹ ਕਾਰਵਾਈ ਗੁਪਤ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ ਦੱਸੀ ਜਾ ਰਹੀ ਹੈ।
ਵਿਜੀਲੈਂਸ ਦੀ ਟੀਮ ਨਗਰ ਕੌਂਸਲ ਦਫ਼ਤਰ ਪਹੁੰਚੀ ਅਤੇ ਦੇਰ ਸ਼ਾਮ ਤੱਕ ਜਾਂਚ ਜਾਰੀ ਰਹੀ। ਲਗਭਗ ਛੇ ਘੰਟਿਆਂ ਦੀ ਇਸ ਕਾਰਵਾਈ ਦੌਰਾਨ ਟੀਮ ਨੇ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਰਿਕਾਰਡ ਆਪਣੇ ਕਬਜ਼ੇ ਵਿੱਚ ਲਏ। ਸੂਤਰਾਂ ਅਨੁਸਾਰ ਟੀਮ ਦਾ ਧਿਆਨ ਖਾਸ ਤੌਰ ’ਤੇ ਉਹਨਾਂ ਫਾਈਲਾਂ ’ਤੇ ਸੀ ਜਿਨ੍ਹਾਂ ਸਬੰਧੀ ਗੰਭੀਰ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਨਕਲੀ ਨਕਸ਼ਿਆਂ ਅਤੇ ਕਰਜ਼ਿਆਂ ਦੀ ਜਾਂਚ
ਜਾਂਚ ਦੌਰਾਨ ਨਕਲੀ ਨਕਸ਼ਿਆਂ ਨਾਲ ਜੁੜਿਆ ਮਾਮਲਾ ਵੀ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਈ ਅਜਿਹੇ ਨਕਸ਼ੇ ਪਾਸ ਕੀਤੇ ਗਏ ਜਿਨ੍ਹਾਂ ਨਾਲ ਸਬੰਧਤ ਜ਼ਮੀਨ ਹਕੀਕਤ ਵਿੱਚ ਮੌਜੂਦ ਹੀ ਨਹੀਂ ਸੀ। ਇਨ੍ਹਾਂ ਕਥਿਤ ਜਾਅਲੀ ਜ਼ਮੀਨਾਂ ਦੇ ਆਧਾਰ ’ਤੇ ਬੈਂਕਾਂ ਤੋਂ ਕਰਜ਼ੇ ਲਏ ਜਾਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਵਿਜੀਲੈਂਸ ਹੁਣ ਉਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੇ ਬਿਨਾਂ ਜਾਂਚ-ਪੜਤਾਲ ਦੇ ਇਹ ਨਕਸ਼ੇ ਮਨਜ਼ੂਰ ਕੀਤੇ।
ਟੈਕਸ ਅਤੇ ਸੀਵਰੇਜ ਰਿਕਾਰਡ ਵੀ ਖੰਗਾਲੇ
ਵਿਜੀਲੈਂਸ ਟੀਮ ਨੇ ਪ੍ਰਾਪਰਟੀ ਟੈਕਸ, ਸੀਵਰੇਜ ਅਤੇ ਪਾਣੀ ਦੇ ਕੁਨੈਕਸ਼ਨਾਂ ਨਾਲ ਸਬੰਧਤ ਰਿਕਾਰਡਾਂ ਦੀ ਵੀ ਜਾਂਚ ਕੀਤੀ। ਸ਼ਿਕਾਇਤਾਂ ਅਨੁਸਾਰ ਟੈਕਸ ਵਸੂਲੀ ਅਤੇ ਬੁਨਿਆਦੀ ਸਹੂਲਤਾਂ ਵਿੱਚ ਗੜਬੜੀਆਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵਿਕਾਸ ਕਾਰਜਾਂ ਵਿੱਚ ਹੋਈ ਲਾਪਰਵਾਹੀ ਅਤੇ ਸਰਕਾਰੀ ਮਾਲੀਏ ਨੂੰ ਹੋਏ ਨੁਕਸਾਨ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਈਓ ਨੇ ਕੀਤੀ ਪੁਸ਼ਟੀ
ਨਗਰ ਕੌਂਸਲ ਦੇ ਈਓ ਵੀਰ ਵਿਕਰਮ ਧੂੜੀਆ ਨੇ ਕਾਰਵਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਤੋਂ ਆਈ ਵਿਜੀਲੈਂਸ ਟੀਮ ਪੁਰਾਣੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਜਾਂਚ ਲਈ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਟੀਮ ਨੇ ਮੁੱਖ ਤੌਰ ’ਤੇ ਪ੍ਰਾਪਰਟੀ ਟੈਕਸ ਅਤੇ ਵਿਕਾਸ ਕਾਰਜਾਂ ਨਾਲ ਸਬੰਧਤ ਰਿਕਾਰਡ ਮੰਗੇ ਹਨ। ਜਾਂਚ ਜਾਰੀ ਹੈ ਅਤੇ ਰਿਕਾਰਡਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।