ਯੂਨਾਈਟਡ ਸਿੱਖਸ ਫਿਰੋਜ਼ਪੁਰ ਦੇ ਇੰਚਾਰਜ ਜਗਮੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕ ਕਈ ਸਾਲਾਂ ਤੋਂ ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਅਜੇ ਤੱਕ ਇਸਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ ਸੀ। ਇਸੇ ਨੂੰ ਧਿਆਨ ’ਚ ਰੱਖਦਿਆਂ ਯੂਨਾਈਟਡ ਸਿੱਖਸ ਨੇ ਮਨੁੱਖਤਾ ਅਤੇ ਸੇਵਾ ਦੀ ਭਾਵਨਾ ਨਾਲ ਇਸ ਕੰਮ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਥਾਨਕ ਸੰਗਤ, ਸੇਵਾਦਾਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ’ਚ ਇਸ ਨੂੰ ਹੋਰ ਵੱਡੇ ਪੱਧਰ ‘ਤੇ ਲਿਜਾਇਆ ਜਾਵੇਗਾ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸੰਯੁਕਤ ਰਾਸ਼ਟਰ ਨਾਲ ਸਬੰਧਤ ਸਮਾਜ ਸੇਵੀ ਸੰਸਥਾ ਯੂਨਾਈਟਡ ਸਿੱਖਸ ਵੱਲੋਂ ਸਤਲੁਜ ਦਰਿਆ ’ਚ ਆਉਣ ਵਾਲੀਆਂ ਹੜ੍ਹਾਂ ਤੋਂ ਪਿੰਡਾਂ ਤੇ ਕਿਸਾਨਾਂ ਨੂੰ ਬਚਾਉਣ ਲਈ ਇਕ ਵੱਡਾ ਸੇਵਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਸੰਸਥਾ ਨੇ ਦਰਿਆ ਦੇ ਕਮਜ਼ੋਰ ਅਤੇ ਸੰਵੇਦਨਸ਼ੀਲ ਕਿਨਾਰਿਆਂ ’ਤੇ ਮਜ਼ਬੂਤ ਬੰਨ੍ਹ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਦਾ ਪਾਣੀ ਪਿੰਡਾਂ ਅਤੇ ਖੇਤਾਂ ਵਿਚ ਦਾਖਲ ਨਾ ਹੋ ਸਕੇ।
ਯੂਨਾਈਟਡ ਸਿੱਖਸ ਫਿਰੋਜ਼ਪੁਰ ਦੇ ਇੰਚਾਰਜ ਜਗਮੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕ ਕਈ ਸਾਲਾਂ ਤੋਂ ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਅਜੇ ਤੱਕ ਇਸਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ ਸੀ। ਇਸੇ ਨੂੰ ਧਿਆਨ ’ਚ ਰੱਖਦਿਆਂ ਯੂਨਾਈਟਡ ਸਿੱਖਸ ਨੇ ਮਨੁੱਖਤਾ ਅਤੇ ਸੇਵਾ ਦੀ ਭਾਵਨਾ ਨਾਲ ਇਸ ਕੰਮ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਥਾਨਕ ਸੰਗਤ, ਸੇਵਾਦਾਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ’ਚ ਇਸ ਨੂੰ ਹੋਰ ਵੱਡੇ ਪੱਧਰ ‘ਤੇ ਲਿਜਾਇਆ ਜਾਵੇਗਾ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਬਸਤੀ ਰਾਮ ਲਾਲ ਪਿੰਡ ਨੇੜੇ ਸਤਲੁਜ ਦਰਿਆ ਕਿਨਾਰੇ ਲਗਭਗ 15 ਮਜ਼ਬੂਤ ਬੰਨ੍ਹ ਤਿਆਰ ਕੀਤੇ ਜਾਣਗੇ, ਜਿਸ ਨਾਲ ਆਸ-ਪਾਸ ਦੇ ਪਿੰਡਾਂ ਨੂੰ ਕਾਫੀ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਅਭਿਆਨ ਸਿਰਫ ਲੋਕਾਂ ਅਤੇ ਕਿਸਾਨਾਂ ਦੀ ਸੁਰੱਖਿਆ ਤੱਕ ਸੀਮਿਤ ਨਹੀਂ, ਸਗੋਂ ਇਸਦਾ ਮਕਸਦ ਮਨੁੱਖਤਾ, ਏਕਤਾ ਅਤੇ ਨਿਸ਼ਕਾਮ ਸੇਵਾ ਦਾ ਸੰਦੇਸ਼ ਦੇਣਾ ਵੀ ਹੈ। ਜਗਮੀਤ ਸਿੰਘ ਨੇ ਹੋਰ ਦੱਸਿਆ ਕਿ ਬਸਤੀ ਰਾਮ ਲਾਲ ਪਿੰਡ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਸਮਾਜ ਸੇਵੀ, ਪ੍ਰਮੁੱਖ ਸ਼ਖਸੀਅਤਾਂ, ਰਾਜਨੀਤਿਕ ਪ੍ਰਤੀਨਿਧੀਆਂ ਅਤੇ ਧਾਰਮਿਕ ਸੰਤ ਸ਼ਾਮਲ ਹੋਣਗੇ। ਇਸ ਮੌਕੇ ਪਿੰਡ ਦੇ ਸਰਪੰਚ ਜਸਮੇਲ ਸਿੰਘ, ਦਲਜਿੰਦਰ ਸਿੰਘ ਮੰਗਾ ਸਣੇ ਕਈ ਮਾਣਯੋਗ ਹਸਤੀਆਂ ਵੀ ਮੌਜ਼ੂਦ ਰਹਿਣਗੀਆਂ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਨੁੱਖਤਾ ਭਰੇ ਸੇਵਾ ਅਭਿਆਨ ਦਾ ਹਿੱਸਾ ਬਣਨ ਤਾਂ ਜੋ ਭਵਿੱਖ ਵਿਚ ਹੜ੍ਹਾਂ ਵਰਗੀਆਂ ਆਫ਼ਤਾਂ ਤੋਂ ਪਿੰਡਾਂ ਅਤੇ ਕਿਸਾਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਯੂਨਾਈਟਡ ਸਿੱਖਸ ਦੇ ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਲਗਭਗ 3 ਕਿਲੋਮੀਟਰ ਖੇਤਰ ਵਿੱਚ ਬੰਨ੍ਹ ਬਣਾਉਣ ਦਾ ਕੰਮ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਜਗਮੀਤ ਸਿੰਘ ਦੀ ਯੋਗ ਅਗਵਾਈ ’ਚ ਕੀਤਾ ਜਾ ਰਿਹਾ ਹੈ। ਜਗਮੀਤ ਸਿੰਘ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਲਗਭਗ ਸਾਰੇ ਰਾਜਨੀਤਿਕ ਦਲਾਂ ਦੇ ਆਗੂ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਇਸ ਸੇਵਾ ਅਭਿਆਨ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਭਾਰਤੀ ਰਾਸ਼ਟਰੀ ਕਾਂਗਰਸ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਰਵਿੰਦਰ ਸਿੰਘ ਔਲਖ, ਸੁਖਪਾਲ ਸਿੰਘ ਨੰਨੂ ਅਤੇ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਅਮਲਾ ਹਾਜ਼ਰ ਸਨ