ਨੌਜਵਾਨਾਂ ਨੂੰ ਨਸ਼ਿਆਂ ਦੂਰ ਰੱਖਣ ਕਰਵਾਏ ਕ੍ਰਿਕਟ ਮੁਕਾਬਲੇ
ਦੋ ਗ੍ਰਾਮ ਪੰਚਾਇਤਾਂ ਵੱਲੋਂ ਕ੍ਰਿਕੇਟ ਮੁਕਾਬਲਿਆਂ ਰਾਹੀਂ ਨੌਜਵਾਨਾਂ ਨੂੰ ਨਸ਼ਾ-ਮੁਕਤੀ ਤੇ ਖੇਡਾਂ ਵੱਲ ਮੋੜਨ ਦਾ ਉਪਰਾਲਾ
Publish Date: Thu, 04 Dec 2025 04:25 PM (IST)
Updated Date: Fri, 05 Dec 2025 04:03 AM (IST)

ਹੈਪੀ ਕਾਠਪਾਲ, ਪੰਜਾਬੀ ਜਾਗਰਣ,ਜਲਾਲਾਬਾਦ:ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਿਸ਼ਨ ਤਹਿਤ ਗ੍ਰਾਮ ਪੰਚਾਇਤ ਸਵਾਇਆ ਰਾਏ ਉਤਾੜ ਦੇ ਸਰਪੰਚ ਦੇਸ ਸਿੰਘ ਅਤੇ ਗ੍ਰਾਮ ਪੰਚਾਇਤ ਖੈਰੇ ਕੇ ਉਤਾੜ ਦੇ ਸਰਪੰਚ ਗੁਰਮੇਲ ਸਿੰਘ ਦੀ ਸਾਂਝੀ ਅਗਵਾਈ ਹੇਠ ਮੰਡੀ ਖੈਰੇ ਕੇ ਉਤਾੜ ਵਿੱਚ ਪੇਂਡੂ ਕ੍ਰਿਕੇਟ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਸਮਾਰੋਹ ਵੀਰ ਸਿੰਘ ਸਵਾਇਆ ਰਾਏ ਉਤਾੜ ਸਪੋਰਟਸ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਦੇ ਵਿਸ਼ੇਸ਼ ਉਪਰਾਲੇ ਸਦਕਾ ਸੰਭਵ ਹੋਇਆ, ਜਿਨ੍ਹਾਂ ਨੇ ਪੂਰੇ ਸਮਾਗਮ ਨੂੰ ਸੁਚੱਜੇ ਅਤੇ ਸਫ਼ਲ ਢੰਗ ਨਾਲ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ। ਦੋਨਾਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਰੋਕਣ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਮਾਰਗ ਹਨ। ਗ੍ਰਾਮ ਪੰਚਾਇਤ ਸਵਾਇਆ ਰਾਏ ਦੇ ਸਰਪੰਚ ਦੇਸ ਸਿੰਘ ਨੇ ਉਨਾਂ ਨੌਜਵਾਨਾਂ ਦੀ ਖਾਸ ਤੌਰ ’ਤੇ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਨਸ਼ਿਆਂ ਨੂੰ ਛੱਡ ਕੇ ਸਿਹਤਮੰਦ ਜੀਵਨਸ਼ੈਲੀ ਅਪਣਾਈ ਅਤੇ ਆਪਣੀ ਊਰਜਾ ਖੇਡਾਂ ਵਿੱਚ ਲਗਾਈ। ਸਰਪੰਚ ਦੇਸ ਸਿੰਘ ਨੇ ਕਿਹਾ ਕਿ “ਨੌਜਵਾਨ ਦੇਸ਼ ਦਾ ਭਵਿੱਖ ਹਨ। ਖੇਡਾਂ ਵਿੱਚ ਜੁੜੇ ਨੌਜਵਾਨ ਨਾ ਕੇਵਲ ਆਪਣੇ ਲਈ ਸਿਹਤਮੰਦ ਜੀਵਨ ਚੁਣਦੇ ਹਨ, ਸਗੋਂ ਆਪਣੇ ਇਲਾਕੇ ਦਾ ਨਾਂ ਵੀ ਰੋਸ਼ਨ ਕਰਦੇ ਹਨ। ਗ੍ਰਾਮ ਪੰਚਾਇਤ ਸਵਾਇਆ ਰਾਏ ਹਮੇਸ਼ਾ ਖੇਡਾਂ ਨੂੰ ਵਧਾਵਾ ਦੇਣ ਲਈ ਤਿਆਰ ਹੈ।ਦੋਵਾਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੇ ਸਮਾਗਮ ਦੌਰਾਨ ਖਿਡਾਰੀਆਂ ਨੂੰ ਇਨਾਮੀ ਰਕਮ ਭੇਂਟ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ। ਇਸ ਕਦਮ ਨਾਲ ਖਿਡਾਰੀਆਂ ਵਿੱਚ ਖਾਸ ਜੋਸ਼ ਦਿਖਾਈ ਦਿੱਤਾ ਅਤੇ ਹੋਰ ਨੌਜਵਾਨ ਵੀ ਖੇਡਾਂ ਵੱਲ ਪ੍ਰੇਰਿਤ ਹੋਏ।ਉਧਰ ਪਿੰਡ ਵਾਸੀਆਂ ਨੇ ਕਿਹਾ ਕੀ ਇਸ ਤਰ੍ਹਾਂ ਦੇ ਖੇਡ ਸਮਾਗਮ ਨਾ ਕੇਵਲ ਮਨੋਰੰਜਨ ਦਾ ਸਾਧਨ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਅਨੁਸ਼ਾਸਨ, ਸਿਹਤ, ਸਮਾਜਿਕ ਜਿੰਮੇਵਾਰੀ ਅਤੇ ਨਸ਼ਾ-ਮੁਕਤੀ ਵੱਲ ਮੋੜਨ ਦਾ ਮਜ਼ਬੂਤ ਸਾਧਨ ਵੀ ਹਨ।