ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਟਰੈਵਲ ਏਜੰਟ ਰਾਹੁਲ ਕੱਕੜ ਦੀਆਂ ਵਧੀਆਂ ਮੁਸ਼ਕਿਲਾਂ
ਟਰੈਵਲ ਅਜੈਂਟ ਰਾਹੁਲ ਕੱਕੜ ਦੀਆਂ ਵਧੀਆਂ ਮੁਸ਼ਕਿਲਾਂ
Publish Date: Wed, 03 Dec 2025 07:47 PM (IST)
Updated Date: Thu, 04 Dec 2025 04:09 AM (IST)

- ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦਾ ਮਾਮਲਾ ਦਰਜ - ਰਾਹੁਲ ਕੱਕੜ ਤੇ ਪਤਨੀ ਮੋਨਿਕਾ ਕੱਕੜ ਦੇ ਖਿਲਾਫ ਮਾਮਲਾ ਦਰਜ ਅੰਗਰੇਜ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਕੁਝ ਸਮਾਂ ਪਹਿਲਾਂ ਆਪਣੀ ਬਾਂਹ ’ਤੇ ਗੋਲੀ ਮਾਰ ਕੇ ਸਨਸਨੀ ਫੈਲਾਅ ਚੁੱਕੇ ਟਰੈਵਲ ਏਜੰਟ ਰਾਹੁਲ ਕੱਕੜ ਨੂੰ ਮਾਫ਼ੀ ਮੰਗਣ ਮਗਰੋਂ ਉਸ ਮਾਮਲੇ ’ਚ ਭਾਵੇਂ ਪੁਲਿਸ ਵੱਲੋਂ ਛੱਡ ਦਿੱਤਾ ਗਿਆ ਸੀ ਪਰ ਹੁਣ ਇਕ ਵਾਰੀ ਫਿਰ ਉਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਵਾਰ ਪੁਲਿਸ ਨੇ ਉਸਦੇ ਤੇ ਉਸ ਦੀ ਪਤਨੀ ਖ਼ਿਲਾਫ਼ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਧੋਖਾਧੜੀ ਕਰਨ ਦੇ ਦੋਸ਼ ’ਚ ਥਾਣਾ ਸਿਟੀ ਫਿਰੋਜ਼ਪੁਰ ਵਿਖੇ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਦੇਵ ਰਾਜ ਨੇ ਦੱਸਿਆ ਕਿ ਪੜਤਾਲੀਆ ਰਿਪੋਰਟ ਦਰਖਾਸਤ ਨੰਬਰ 653390 ਯੂਡੀਆਈ ਮਿਤੀ 3 ਸਤੰਬਰ 2025 ਵੱਲੋਂ ਸੁਭਾਸ਼ ਵਿੱਜ ਪੁੱਤਰ ਬਿਸੰਬਰ ਨਾਥ ਵਾਸੀ 534 ਆਜ਼ਾਦ ਨਗਰ ਫਿਰੋਜ਼ਪੁਰ ਸ਼ਹਿਰ ਬਾਅਦ ਪੜਤਾਲ ਕਪਤਾਨ ਪੁਲਿਸ (ਇੰਨਵ.) ਬਾਅਦ ਮਨਜ਼ੂਰੀ ਐੱਸਐੱਸਪੀ ਫਿਰੋਜ਼ਪੁਰ ਮੌਸੂਲ ਥਾਣਾ ਹੋਈ। ਜਾਂਚਕਰਤਾ ਨੇ ਦੱਸਿਆ ਕਿ ਦਰਖ਼ਾਸਤ ’ਚ ਸ਼ਿਕਾਇਤਕਰਤਾ ਸੁਭਾਸ਼ ਵਿੱਜ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਲੜਕੇ ਅਗਮ ਵਿੱਜ ਨੂੰ ਬਾਹਰ ਕੈਨੇਡਾ ਪੱਕੇ ਤੌਰ ’ਤੇ ਭੇਜਣ ਦਾ ਲਾਰਾ ਲਾ ਕੇ ਡਬਲਿਊਏਆਈਸੀ ਕੰਪਨੀ ਦੇ ਐੱਮਡੀ ਰਾਹੁਲ ਕੱਕੜ ਤੇ ਮੋਨਿਕਾ ਕੱਕੜ ਪਤਨੀ ਰਾਹੁਲ ਕੱਕੜ ਵਾਸੀਅਨ ਮਕਾਨ ਨੰਬਰ 43, ਸ੍ਰੀ ਗਣੇਸ਼ ਕਾਲੌਨੀ ਫਿਰੋਜ਼ਪੁਰ ਨੇ ਆਪਸੀ ਮਿਲੀਭੁਗਤ ਨਾਲ ਧੋਖਾਧੜੀ ਕੀਤੀ ਹੈ। ਸਹਾਇਕ ਥਾਣੇਦਾਰ ਸੁਖਦੇਵ ਰਾਜ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੁੱਝ ਸਮਾਂ ਪਹਿਲੋਂ ਰਾਹੁਲ ਕੱਕੜ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਦੱਸਿਆ ਸੀ ਗੈਂਗਸਟਰਾਂ ਦਾ ਹਮਲਾ! ਹੁਣ ਤੋਂ ਕੁੱਝ ਮਹੀਨੇ ਪਹਿਲੋਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਨਾਲੋਂ ਲੰਘਦੀ ਕਮਲ ਸ਼ਰਮਾ ਰੋਡ ’ਤੇ ਇਕ ਇਮੀਗ੍ਰੇਸ਼ਨ ਮਾਲਕ ਨੂੰ ਗੋਲ਼ੀ ਵੱਜਣ ਦੀਆਂ ਖ਼ਬਰਾਂ ਨੇ ਚੁਫੇਰੇ ਦਹਿਸ਼ਤ ਪੈਦਾ ਕਰ ਦਿੱਤੀ ਸੀ। ਜਖ਼ਮੀਂ ਹਾਲਤ ’ਚ ਨੇੜੇ ਸਥਿਤ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਏ ਸ਼ਖ਼ਸ ਦੀ ਪਛਾਣ ਡਬਲਿਊਏਆਈਸੀ ਇਮੀਗ੍ਰੇਸ਼ਨ ਦੇ ਮਾਲਕ ਰਾਹੁਲ ਕੱਕੜ ਵਜੋਂ ਹੋਈ ਸੀ। ਮੌਕੇ ’ਤੇ ਪਹੁੰਚੇ ਮੀਡੀਆ ਕਰਮੀਆਂ ਨੂੰ ਜ਼ਖ਼ਮੀਂ ਰਾਹੁਲ ਕੱਕੜ ਨੇ ਦੱਸਿਆ ਸੀ ਕਿ ਦੋ ਨਕਾਬਪੋਸ਼ ਗੈਂਗਸਟਰਾਂ ਵੱਲੋਂ ਉਸ ਨੂੰ ਬਾਂਹ ’ਚ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਪਹਿਲੇ ਦਿਨ ਤੋਂ ਹੀ ਸ਼ੱਕੀ ਜਾਪਦੇ ਮਾਮਲੇ ’ਚ ਜਦੋਂ ਪੁਲਿਸ ਰਾਹੁਲ ਕੱਕੜ ਦੇ ਝੂਠ ਤੋਂ ਪਰਦਾ ਚੁੱਕਣ ਹੀ ਵਾਲੀ ਸੀ ਕਿ ਅਚਾਨਕ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰ ਕੇ ਰਾਹੁਲ ਕੱਕੜ ਨੇ ਕਬੂਲ ਕੀਤਾ ਕਿ ਉਸ ਨੇ ਆਪਣੀ ਬਾਂਹ ’ਤੇ ਖ਼ੁਦ ਹੀ ਗੋਲ਼ੀ ਮਾਰੀ ਸੀ, ਇਸ ਕੰਮ ਲਈ ਉਸ ਨੂੰ ਮਾਫ ਕੀਤਾ ਜਾਵੇ। ਉਥੇ ਹੈਰਾਨੀ ਉਸ ਵੇਲੇ ਹੋਈ ਸੀ, ਜਦੋਂ ਗੋਲੀ ਚੱਲਣ ਦੀਆਂ ਖ਼ਬਰਾਂ ਕੌਮੀ ਪੱਧਰ ਤੱਕ ਚੱਲਣ ਮਗਰੋਂ ਹੋਈ ਬਦਨਾਮੀ ਦੇ ਬਾਵਜੂਦ ਪੁਲਿਸ ਵੱਲੋਂ ਰਾਹੁਲ ਕੱਕੜ ਨੂੰ ਛੱਡ ਦਿੱਤਾ ਗਿਆ ਸੀ।