ਟਰੈਫਿਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ, ਵਰਦੀ ਦੇ ਬਟਨ ਤੋੜੇ, ਐਕਟਿਵਾ ਸਵਾਰ ਖ਼ਿਲਾਫ਼ ਮਾਮਲਾ ਦਰਜ
ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਮੁਲਾਜ਼ਮ ਕਸ਼ਮੀਰ ਸਿੰਘ ਦੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਅਮਿਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
Publish Date: Tue, 19 May 2026 12:35 PM (IST)
Updated Date: Tue, 19 May 2026 12:37 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਸ਼ਹਿਰ ਦੇ ਜ਼ੀਰਾ ਗੇਟ ਵਿਖੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਰੋਕਣ ’ਤੇ ਇਕ ਐਕਟਿਵਾ ਸਵਾਰ ਵੱਲੋਂ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਨ ਅਤੇ ਉਸ ਦੀ ਵਰਦੀ ਫਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਪੁਲਿਸ ਨੇ ਉਕਤ ਮੁਲਜ਼ਮ ਖਿਲਾਫ 221, 132 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੀਐੱਚਸੀ ਕਸ਼ਮੀਰ ਸਿੰਘ ਨੇ ਪੁਲਿਸ ਕੋਲ ਆਪਣੇ ਬਿਆਨ ਰਾਹੀਂ ਦੱਸਿਆ ਕਿ 18 ਮਈ 2026 ਨੂੰ ਦੁਪਹਿਰ ਵੇਲੇ ਕਰੀਬ 1 ਵਜੇ ਉਹ ਜ਼ੀਰਾ ਗੇਟ, ਫਿਰੋਜ਼ਪੁਰ ਸ਼ਹਿਰ ਵਿਖੇ ਆਪਣੀ ਟਰੈਫਿਕ ਡਿਊਟੀ ’ਤੇ ਸੀ। ਉਸ ਸਮੇਂ ਗੇਟ ਦੇ ਆਲੇ-ਦੁਆਲੇ ਵਾਹਨਾਂ ਦੀ ਭਾਰੀ ਆਵਾਜਾਈ ਹੋਣ ਕਾਰਨ ਟਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਸੀ, ਜਿਸ ਨੂੰ ਉਹ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਇਕ ਐਕਟਿਵਾ ਸਵਾਰ ਵਿਅਕਤੀ, ਜਿਸ ਦੀ ਪਛਾਣ ਅਮਿਤ ਪੁੱਤਰ ਦਰਸ਼ਨ ਕੁਮਾਰ ਵਾਸੀ ਮਕਾਨ ਨੰਬਰ 29, ਬੇਦੀ ਕਾਲੋਨੀ, ਫਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ, ਆਪਣੀ ਪਤਨੀ ਨਾਲ ਬਹੁਤ ਤੇਜ਼ ਰਫ਼ਤਾਰ ਵਿਚ ਉੱਥੇ ਆਇਆ। ਜਦੋਂ ਡਿਊਟੀ ’ਤੇ ਤਾਇਨਾਤ ਕਸ਼ਮੀਰ ਸਿੰਘ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਵਿਅਕਤੀ ਨੇ ਰੁਕਣ ਦੀ ਬਜਾਏ ਆਪਣੀ ਐਕਟਿਵਾ ਨੂੰ ਸੱਜੇ ਪਾਸੇ ਮੋੜ ਕੇ ਗਲਤ ਸਾਈਡ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਮੁਲਾਜ਼ਮ ਨੇ ਅੱਗੇ ਹੋ ਕੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ, ਤਾਂ ਐਕਟਿਵਾ ਸਵਾਰ ਅਮਿਤ ਗੁੱਸੇ ਵਿਚ ਆ ਗਿਆ ਤੇ ਉਸ ਨਾਲ ਗਾਲੀ-ਗਲੋਚ ਕਰਦਿਆਂ ਬੇਹੱਦ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ। ਇਨ੍ਹਾਂ ਹੀ ਨਹੀਂ, ਉਕਤ ਵਿਅਕਤੀ ਨੇ ਤੈਸ਼ ਵਿਚ ਆ ਕੇ ਉਸ ਦੀ ਵਰਦੀ ਦੇ ਕਾਲਰ ਨੂੰ ਫੜ ਲਿਆ ਅਤੇ ਖਿੱਚਾ-ਧੂਹੀ ਕੀਤੀ, ਜਿਸ ਕਾਰਨ ਮੁਲਾਜ਼ਮ ਦੀ ਸਰਕਾਰੀ ਵਰਦੀ ਦੇ ਬਟਨ ਟੁੱਟ ਗਏ। ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਮੁਲਾਜ਼ਮ ਕਸ਼ਮੀਰ ਸਿੰਘ ਦੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਅਮਿਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।