ਡੀਸੀਐੱਮ ਮਾਡਲ ਸਕੂਲ ’ਚ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਡੀਸੀਐੱਮ ਮਾਡਲ ਸਕੂਲ ਵਿਚ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ
Publish Date: Thu, 29 Jan 2026 05:33 PM (IST)
Updated Date: Fri, 30 Jan 2026 04:07 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਵਿਦਿਆਰਥੀਆਂ ਨੂੰ ਯਾਤਾਯਾਤ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਟ੍ਰੈਫਿਕ ਇੰਚਾਰਜ਼ ਇੰਸਪੈਕਟਰ ਜਸਵਿੰਦਰ ਸਿੰਘ ਨੇ ਹਿੱਸਾ ਲਿਆ। ਪ੍ਰਿੰਸੀਪਲ ਯਾਚਨਾ ਚਾਵਲਾ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸਕੂਲ ਵਿਚ ਯਾਤਾਯਾਤ ਨਿਯਮਾਂ ਬਾਰੇ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੇ ਸੈਮੀਨਾਰ ਲਗਵਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਵਰਤਮਾਨ ਵਿਚ ਵੱਧਦੇ ਟ੍ਰੈਫਿਕ ਨੂੰ ਦੇਖਦੇ ਹੋਏ ਯਾਤਾਯਾਤ ਨਿਯਮਾਂ ਦੀ ਪਾਲਣਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਲਾਈਟਾਂ ਦੀ ਹਮੇਸ਼ਾ ਪਾਲਣਾ ਕਰਨੀ ਚਾਹੀਦੀ ਹੈ ਅਤੇ ਹੈਲਮੇਟ ਪਹਿਨ ਕੇ ਹੀ ਦੋਪਹੀਆ ਵਾਹਨ ਚਲਾਉਣਾ ਚਾਹੀਦਾ ਹੈ ਅਤੇ ਟ੍ਰਿਪਲ ਰਾਈਡਿੰਗ (ਤਿੰਨ ਸਵਾਰੀਆਂ) ਤੋਂ ਬਚਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਨੇ ਕਿਹਾ ਕਿ 16 ਤੋਂ 18 ਸਾਲ ਦੀ ਉਮਰ ਦੇ ਬੱਚੇ 50 ਹਾਰਸ ਪਾਵਰ ਤੋਂ ਘੱਟ ਦੇ ਦੋਪਹੀਆ ਵਾਹਨ ਚਲਾ ਸਕਦੇ ਹਨ ਅਤੇ ਉਸ ਦੇ ਲਈ ਲਾਇਸੰਸ ਬਣਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਵਿਚ ਦੇਸ਼ ਅਤੇ ਸੂਬੇ ਵਿੱਚ ਲਗਾਤਾਰ ਹਾਦਸਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸਕੂਲਾਂ ਵਿਚ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਜਾਂ ਤਾਂ ਸਾਈਕਲ ’ਤੇ ਆਉਣ ਜਾਂ ਫਿਰ ਸਕੂਲ ਵੱਲੋਂ ਨਿਰਧਾਰਿਤ ਬੱਸਾਂ ਜਾਂ ਫਿਰ ਮਾਪਿਆਂ ਦੇ ਨਾਲ ਆਉਣ। ਸਕੂਲੀ ਵਿਦਿਆਰਥੀਆਂ ਨੂੰ ਕਾਰ ਚਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਦੇ ਯਾਤਾਯਾਤ ਦੇ ਸਖ਼ਤ ਨਿਯਮਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਈ-ਚਲਾਨ ਪਾਲਿਸੀ ਤੋਂ ਵੀ ਜਾਣੂ ਕਰਵਾਇਆ। ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ ਵੱਲੋਂ ਪੁਲਿਸ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੈੱਡ ਮਿਸਟ੍ਰੈਸ ਰਿਤਿਕਾ ਸੋਨੀ, ਡੀਜੀਐੱਮ ਐਡਮਿਨ ਅਨੂ ਸ਼ਰਮਾ, ਕੋਆਰਡੀਨੇਟਰਜ਼ ਨੀਰੂ ਅਰੋੜਾ, ਮਨਜਿੰਦਰ ਸਿੰਘ, ਏਜੀਐੱਮ ਇਵੈਂਟ ਹੀਨਾ ਅਰੋੜਾ ਸਮੇਤ ਹੋਰ ਵੀ ਹਾਜ਼ਰ ਸਨ।