10 ਕਿਲੋ ਹੈਰੋਇਨ, 2 ਕਿਲੋ ਆਈਸ ਡਰੱਗ ਤੇ ਪਿਸਟਲ ਸਮੇਤ ਤਿੰਨ ਤਸਕਰ ਕਾਬੂ, ਪੰਜਾਬ ਤੋਂ ਬਾਹਰ ਦੀ ਜੇਲ੍ਹ ਤੋਂ ਚੱਲ ਰਿਹਾ ਸੀ ਨੈਟਵਰਕ
ਡੀ ਆਈ ਜੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ਵਿੱਚ ਥਾਣਾ ਆਰਿਫ ਕੇ ਪੁਲਿਸ ਨੇ ਖਾਸ ਮੁਖਬਰ ਦੀ ਸੂਚਨਾ ’ਤੇ ਪਿੰਡ ਟੱਲੀ ਸੈਦਾ ਸ਼ਾਹੂ ਨੇੜੇ ਨਾਕਾਬੰਦੀ ਕਰਕੇ ਅਨਿਕੇਤ ਕੁਮਾਰ ਅਤੇ ਸੁਮਿਤ ਨੂੰ ਗ੍ਰਿਫਤਾਰ ਕੀਤਾ।
Publish Date: Wed, 20 May 2026 03:58 PM (IST)
Updated Date: Wed, 20 May 2026 04:00 PM (IST)
ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 10 ਕਿਲੋ 125 ਗ੍ਰਾਮ ਹੈਰੋਇਨ, 2 ਕਿਲੋ 1 ਗ੍ਰਾਮ ਆਈਸ ਡਰੱਗ, ਇਕ ਪਿਸਟਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਪੁਲਿਸ ਦੀ ਇਸ ਕਾਰਵਾਈ ਨਾਲ ਸਰਹੱਦੀ ਇਲਾਕੇ ਵਿੱਚ ਸਰਗਰਮ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਨੂੰ ਝਟਕਾ ਲੱਗਿਆ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ ਆਈ ਜੀ ਫ਼ਿਰੋਜ਼ਪੁਰ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਫਿਰੋਜ਼ਪੁਰ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪਿੰਡ ਹਬੀਬ ਕੇ ਰੋਡ ਨੇੜੇ ਭੱਠੇ ਕੋਲ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਿਸ ਨੇ ਓਮ ਉਰਫ ਉਮੀ ਵਾਸੀ ਲੇਲੀ ਵਾਲਾ ਨੂੰ 10 ਕਿਲੋ 125 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਕਿਸ ਤੱਕ ਹੋਣੀ ਸੀ।
ਡੀ ਆਈ ਜੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ਵਿੱਚ ਥਾਣਾ ਆਰਿਫ ਕੇ ਪੁਲਿਸ ਨੇ ਖਾਸ ਮੁਖਬਰ ਦੀ ਸੂਚਨਾ ’ਤੇ ਪਿੰਡ ਟੱਲੀ ਸੈਦਾ ਸ਼ਾਹੂ ਨੇੜੇ ਨਾਕਾਬੰਦੀ ਕਰਕੇ ਅਨਿਕੇਤ ਕੁਮਾਰ ਅਤੇ ਸੁਮਿਤ ਨੂੰ ਗ੍ਰਿਫਤਾਰ ਕੀਤਾ। ਦੋਵਾਂ ਕੋਲੋਂ 2 ਕਿਲੋ 1 ਗ੍ਰਾਮ ਆਈਸ ਡਰੱਗ, ਇਕ ਨਾਜਾਇਜ਼ ਪਿਸਟਲ ਅਤੇ ਹੀਰੋ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਕਾਫੀ ਸਮੇਂ ਤੋਂ ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੇ ਧੰਦੇ ਨਾਲ ਜੁੜੇ ਹੋਏ ਸਨ।
ਫਿਰੋਜ਼ਪੁਰ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਹੋਰ ਚਿਹਰੇ ਵੀ ਬੇਨਕਾਬ ਕੀਤੇ ਜਾਣਗੇ।