ਸੁਖਵਿੰਦਰ ਅਟਾਰੀ ਦੇ ਕਾਗਜ਼ ਰੱਦ ਹੋਣ ’ਤੇ ਪੈ ਗਿਆ ਰੌਲਾ !

ਸਟਾਫ ਰਿਪੋਰਟਰ ,ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਕਾਗਜ਼ਾਂ ਦੀ ਪੜਤਾਲ ਉਪਰੰਤ ਬਲਾਕ ਫਿਰੋਜ਼ਪੁਰ ਤੋਂ ਬਲਾਕ ਸੰਮਤੀ ਚੋਣ ਲੜ ਰਹੇ ਕਾਂਗਰਸ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਅਟਾਰੀ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਕਾਗਜ਼ ਰੱਦ ਕਰਨ ਦਾ ਕਾਰਣ ਸੁਖਵਿੰਦਰ ਅਟਾਰੀ ਵੱਲੋਂ ਕਥਿੱਤ ਤੌਰ ’ਤੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਨੂੰ ਦੱਸਿਆ ਜਾ ਰਿਹਾ ਹੈ। ਕਾਗਜ਼ ਰੱਦ ਹੋਣ ਦੀ ਖ਼ਬਰ ਲੱਗਦਿਆਂ ਹੀ ਸੁਖਵਿੰਦਰ ਸਿੰਘ ਅਟਾਰੀ ਦੀ ਅਗੁਵਾਈ ਵਿਚ ਕਾਂਗਰਸੀਆਂ ਵੱਲੋਂ ਫਿਰੋਜ਼ਪੁਰ ਦੇ ਬੀਡੀਪੀੳ ਦਫਤਰ ਸਾਹਮਣੇ ਧਰਨਾ ਲਗਾ ਕੇ ਸ਼ਹਿਰ ਦੀ ਸਭ ਤੋਂ ਵੱਧ ਚੱਲਣ ਵਾਲੀ ਮੱਲਵਾਲ ਰੋਡ ’ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਅਟਾਰੀ ਦੇ ਕਾਗਜ਼ ਬਹਾਲ ਕੀਤੇ ਜਾਣ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸੁਖਵਿੰਦਰ ਸਿੰਘ ਅਟਾਰੀ ਨੇ ਦੱਸਿਆ ਕਿ ਇਹ ਧਰਨਾ ਬੀਡੀਓ ਦਫ਼ਤਰ ਫਿਰੋਜ਼ਪੁਰ ਦੀ ਧੱਕੇਸ਼ਾਹੀ ਦੇ ਚੱਲਦਿਆਂ ਲਾਇਆ ਗਿਆ ਹੈ। ਅਟਾਰੀ ਨੇ ਦੋਸ਼ ਲਾਇਆ ਕਿ ਵਿਧਾਇਕ ਰਣਬੀਰ ਭੁੱਲਰ ਦੀ ਸ਼ਹਿ ’ਤੇ ਬੀਡੀਪੀੳ ਦਫਤਰ ਵੱਲੋਂ ਧੱਕੇਸ਼ਾਹੀ ਨਾਲ ਉਨ੍ਹਾਂ ਨੂੰ ਚੋਣ ਮੈਦਾਨ ਤੋਂ ਹਟਾਇਆ ਜਾ ਰਿਹਾ ਹੈ। ਅਟਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਵਿਰੋਧੀ ਪਹਿਲਾਂ ਪਿੰਡ ਦੀ ਸਰਪੰਚੀ ਹਾਰ ਚੁਕੇ ਹਨ ਅਤੇ ਹੁਣ ਵੀ ਵਿਰੋਧੀ ਧਿਰਾਂ ਦੇ ਬਲਾਕ ਸੰਮਤੀ ਮੈਂਬਰ ਉਨ੍ਹਾਂ ਦੇ ਮੁਕਾਬਲੇ ਕਿਤੇ ਵੀ ਨਹੀਂ ਖੜਦੇ । ਅਟਾਰੀ ਨੇ ਦੋਸ਼ ਲਗਾਇਆ ਕਿ ਇਸ ਗੱਲ ਤੋਂ ਘਬਰਾਏ ਵਿਰੋਧੀਆਂ ਨੇ ਉਸ ਦੇ ਖਿਲਾਫ ਬੀਡੀਓ ਦਫ਼ਤਰ ਤੋਂ ਇਕ ਜਾਅਲੀ ਰਿਪੋਰਟ ਤਿਆਰ ਕਰਵਾ ਕੇ ਉਨ੍ਹਾਂ ਦੇ ਕਾਗਜ਼ ਰੱਦ ਕਰਵਾ ਦਿੱਤੇ।ਅਟਾਰੀ ਨੇ ਦੱਸਿਆ ਕਿ ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਸੁਖਵਿੰਦਰ ਸਿੰਘ ਅਟਾਰੀ ਨੇ ਪੰਚਾਇਤ ਦੀ ਜਗ੍ਹਾ ’ਤੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਹੈ ਜਦਕਿ ਉਨ੍ਹਾਂ ਦੇ ਕੋਲ ਘਰ ਦੀ ਰਜਿਸਟਰੀ ਮੌਜ਼ੂਦ ਹੈ ਅਤੇ ਇਸ ’ਤੇ ਘਰ ਬਣਾਉਣ ਲਈ ਲਏ ਲੋਨ ਦੇ ਵੀ ਸਬੂਤ ਉਨ੍ਹਾਂ ਕੋਲ ਹਨ । ਉਨ੍ਹਾਂ ਰਿਪੋਰਟ ਨੂੰ ਖਾਰਜ ਕਰਦਿਆਂ ਉਸ ਨੂੰ ਸਾਜ਼ਿਸ਼ਨ ਤਿਆਰ ਕੀਤੀ ਰਿਪੋਰਟ ਦੱਸਿਆ। ਇਸ ਮੌਕੇ ਬਲਬੀਰ ਬਾਠ,ਬਲੀ ਸਿੰਘ ਉਸਮਾਨ ਵਾਲਾ,ਪਾਲ ਸਿੰਘ ਧੰਜਲ, ਯਕੂਬ ਭੱਟੀ ਅਤੇ ਹੋਰ ਵੀ ਕਈ ਆਗੂ ਹਾਜਰ ਸਨ।