ਪੁਰਾਤਨ ਪੰਜਾਬੀ ਵਿਆਹ ਦੀਆਂ ਰੌਣਕਾਂ
ਪੁਰਾਤਨ ਪੰਜਾਬੀ ਵਿਆਹ ਦੀਆਂ ਰੌਣਕਾਂ
Publish Date: Sun, 30 Nov 2025 04:01 PM (IST)
Updated Date: Sun, 30 Nov 2025 04:02 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੱਜ ਦੇ ਭੱਜ-ਦੌੜ ਵਾਲੇ ਅਤੇ ਪੈਲੇਸ ਕਲਚਰ ਦੇ ਦੌਰ ਵਿਚ, ਜਿੱਥੇ ਵਿਆਹ ਇਕ ਘੰਟੇ ਦਾ ‘ਈਵੈਂਟ’ ਬਣ ਕੇ ਰਹਿ ਗਿਆ ਹੈ, ਉੱਥੇ ਭਾਰਤ ਦੇ ਸਭ ਤੋਂ ਵਧੀਆ ਪਿੰਡ ਨੂਰਪੁਰ ਸੇਠਾਂ ਦੇ ਇਕ ਪਰਿਵਾਰ ਨੇ ਪੁਰਾਤਨ ਸੱਭਿਆਚਾਰ ਨੂੰ ਜ਼ਿੰਦਾ ਕਰਕੇ ਇੱਕ ਅਭੁੱਲ ਮਿਸਾਲ ਕਾਇਮ ਕੀਤੀ ਹੈ। ਇਹ ਵਿਆਹ ਸਿਰਫ਼ ਦੋ ਦਿਲਾਂ ਦਾ ਮੇਲ ਨਹੀਂ, ਸਗੋਂ ਪੰਜਾਬ ਦੇ ਗੌਰਵਮਈ ਅਤੀਤ ਨੂੰ ਵਰਤਮਾਨ ਨਾਲ ਜੋੜਨ ਦਾ ਇੱਕ ਭਾਵੁਕ ਉਪਰਾਲਾ ਹੈ। ਬਚਪਨ ਦੀਆਂ ਯਾਦਾਂ ਤੇ ਪੁਰਾਣੀ ਰੀਝ ਦੀ ਪੂਰਤੀ ਜਤਿੰਦਰ ਡਿੰਪਾ ਜਿਨ੍ਹਾਂ ਦੀ ਉਮਰ 47 ਸਾਲ ਹੈ ਨੇ ਦੱਸਿਆ ਕਿ ਉਨ੍ਹਾਂ ਨੇ ਬਚਪਨ ਵਿਚ ਅਜਿਹੇ ਵਿਆਹ ਵੇਖੇ ਸਨ। ਉਹ ਕਹਿੰਦੇ ਹਨ ਅੱਜਕੱਲ੍ਹ ਦੇ ਵਿਆਹਾਂ ਵਿਚ ਕੋਈ ਮਜ਼ਾ ਨਹੀਂ, ਤੁਸੀਂ ਟਾਈਮ ’ਤੇ ਜਾਂਦੇ ਹੋ, ਸੈਕਿੰਡ ਫੜਾਉਂਦੇ ਹੋ ਤੇ ਵਾਪਸ ਆ ਜਾਂਦੇ ਹੋ। ਪਰ ਇਹੋ ਜਿਹੀਆਂ ਚੀਜ਼ਾਂ (ਪੁਰਾਣਾ ਮਾਹੌਲ) ਸਾਨੂੰ ਡੂੰਘਾਈ ਨਾਲ ਜੋੜਦੀਆਂ ਹਨ। ਅਸੀਂ ਬੈਠ ਕੇ ਦੁੱਖ-ਸੁੱਖ ਫਰੋਲਦੇ ਹਾਂ, ਪੁਰਾਣੀਆਂ ਗੱਲਾਂ ਯਾਦ ਕਰਦੇ ਹਾਂ। ਇਹ ਪੁਰਾਣੀ ਰੀਝ ਸੀ ਡਿੰਪਾ ਅਤੇ ਚਾਚਾ ਜੋਗਿੰਦਰ ਸਿੰਘ ਮਾਣਕ ਦੀ ਜੋ ਉਨ੍ਹਾਂ ਨੇ ਪਰਿਵਾਰ ਦੇ ਇਸ ‘ਆਖਰੀ’ ਵਿਆਹ ’ਤੇ ਪੂਰੀ ਕੀਤੀ। ਡਿੰਪਾ ਨੇ ਦੱਸਿਆ ਇਸ ਵਿਆਹ ਦੀ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਅਤੇ ਐਕਸਾਈਟਮੈਂਟ ਸੀ ਕਿ ਅਸੀਂ ਤਿੰਨ-ਚਾਰ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਵਿਰਾਸਤ ਦੀ ਕਲੈਕਸ਼ਨ : ਸਭ ਕੁਝ ਘਰ ਦਾ ਇਸ ਵਿਆਹ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਸਾਰੀ ਸਜਾਵਟ ਦਾ ਸਮਾਨ ਘਰ ਦਾ ਹੈ। ਡਿੰਪਾ ਦੱਸਦੇ ਹਨ ਮੰਜੇ ਘਰ ਦੇ ਹਨ, ਦਰੀਆਂ ਸਾਡੀ ਮੰਮੀ ਹੋਰਾਂ ਦੇ ਦਾਜ ਦੀਆਂ ਹਨ। ਸਾਨੂੰ ਕੋਈ ਵੀ ਚੀਜ਼ ਮੁੱਲ ਨਹੀਂ ਲੈਣੀ ਪਈ। ਸਾਨੂੰ ਖੁਸ਼ੀ ਹੈ ਕਿ ਸਾਡੀ ਇਸ ਮਿਹਨਤ ਨੂੰ ਚਾਰ ਚੰਨ ਲੱਗ ਗਏ ਹਨ। ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਵਿਆਹ ਦੇ ਮੁੱਖ ਪ੍ਰਬੰਧਕ ਜੋਗਿੰਦਰ ਸਿੰਘ ਮਾਣਕ ਜਿਨ੍ਹਾਂ ਦਾ ਪਰਿਵਾਰ 20 ਸਾਲਾਂ ਤੋਂ ਸੱਭਿਆਚਾਰਕ ਮੇਲੇ ਲਾਉਂਦਾ ਰਿਹਾ ਹੈ, ਨੇ ਦੱਸਿਆ ਕਿ ਇਸ ਪੁਰਾਤਨ ਵਿਆਹ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨਾ ਸੀ। ਉਹ ਕਹਿੰਦੇ ਹਨ ਅੱਜ ਦੇ ਜੁਆਕਾਂ ਨੂੰ ਪੁਰਾਣੀਆਂ ਕਨਾਤਾਂ, ਲੋਡ ਸਪੀਕਰ, ਘੋੜੀਆਂ ਜਾਂ ਕੇਲਿਆਂ ਵਾਲੇ ਗੇਟ ਵਰਗੇ ਸੱਭਿਆਚਾਰਕ ਪੱਖਾਂ ਬਾਰੇ ਪਤਾ ਨਹੀਂ ਹੈ। ਇਹ ਸਿਰਫ਼ 30 ਸਾਲ ਪਹਿਲਾਂ ਵਾਲੇ ਬਜ਼ੁਰਗਾਂ ਨੂੰ ਪਤਾ ਹੈ। ਸਾਡੀ ਕੋਸ਼ਿਸ਼ ਸੀ ਕਿ ਨਵੀਂ ਪੀੜ੍ਹੀ ਵੀ ਵੇਖ ਸਕੇ ਕਿ ਪਹਿਲਾਂ ਵਿਆਹ ਕਿਵੇਂ ਹੁੰਦੇ ਸਨ। ਸਾਮਾਨ ਕਿੱਥੋਂ ਆਇਆ : ਪਰਾਤਾਂ, ਚਰਖੇ, ਪਿੱਤਲ ਦੇ ਭਾਂਡੇ ਅਤੇ ਹੋਰ ਸਮਾਨ ਮਾਵਾਂ-ਦਾਦੀਆਂ ਦਾ ਸੰਭਾਲਿਆ ਹੋਇਆ ਹੈ। ਖਾਸ ਕਨਾਤਾਂ : ਟੈਂਟ ਵਾਲੇ ਸਿਸਟਮ ਲਈ, ਕਲਾਸੀਕਲ ਭੁਪਿੰਦਰ ਅਤੇ ਸ਼ਮਸ਼ੇਰ ਨੂੰ ਖਾਸ ਤੌਰ ’ਤੇ ਕਹਿ ਕੇ ਪੁਰਾਣੇ ਸਮੇਂ ਦੀਆਂ ਕਨਾਤਾਂ ਅਤੇ ਝੰਡੀਆਂ ਬਣਵਾਈਆਂ ਗਈਆਂ ਹਨ। ਟੀਮ ਵਰਕ ਦੇ ਜ਼ਰੀਏ ਇਸ ਨੂੰ ਸਿਰੇ ਚਾੜ੍ਹਿਆ ਗਿਆ, ਜਿਸ ਵਿੱਚ ਘੋੜੀਆਂ ਦੇ ਸ਼ੌਕੀਨ ਡਿੰਪਲ ਅਤੇ ਉਨ੍ਹਾਂ ਦੇ ਭਾਣਜੇ ਨੇ ਊਠ ਲਿਆ ਲਿਆਂਦੇ ਹਨ, ਜੋ ਇਸ ਵਿਆਹ ਨੂੰ ਪੁਰਾਤਨ ਸਮੇਂ ਦੇ ਵਿਆਹ ਵਿਚ ਵੇਖਿਆ ਗਿਆ ਹੈ, ਪਹਿਲਾਂ ਕਿਸ ਤਰ੍ਹਾਂ ਦੇ ਵਿਆਹ ਹੁੰਦੇ ਸਨ। ਪੁਰਾਤਨ ਸਮੇਂ ਦੀ ਮਿਠਾਸ ਤੇ ਅੱਜ ਦਾ ਸਤਿਕਾਰ ਦਰਸ਼ਨ ਸਿੰਘ ਨੇ ਇਸ ਵਿਆਹ ਨੂੰ ਵੇਖ ਕੇ ਆਪਣੇ ਮਨ ਦੀ ਖੁਸ਼ੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸ਼ਾਦੀ ਵੀ 1975 ਵਿਚ ਇਹੋ ਜਿਹੀਆਂ ਕਨਾਤਾਂ ਵਿਚ ਹੋਈ ਸੀ। ਉਹ ਕਹਿੰਦੇ ਹਨ ਇਹ ਸਾਡੇ ਮਨ ਦੀ ਤਮੰਨਾ ਸੀ। 51 ਸਾਲ ਬਾਅਦ ਸਾਡੇ ਭਤੀਜੇ ਦੇ ਵਿਆਹ ਵਿਚ ਫਿਰ ਉਹੀ ਮਾਹੌਲ ਬਣਿਆ ਹੈ। ਇਸ ਦਾ ਮਕਸਦ ਲੋਕਾਂ ਨੂੰ ਖੁੱਲ੍ਹੇ ਖਰਚਿਆਂ ਤੋਂ ਬਚਾਉਣਾ ਹੈ। ਵਿਆਹ ਵਿਚ ਪੁਰਾਤਨ ਖਾਣੇ ਪਰੋਸੇ ਜਾ ਰਹੇ ਹਨ ਤਾਂ ਜੋ ਨਵੇਂ ਖਾਣਿਆਂ ਵਿਚ ਹੋਣ ਵਾਲੀ ‘ਮਿਕਸਿੰਗ’ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਮੰਜਿਆਂ ’ਤੇ ਪੁਰਾਣੇ ਸਿਰਾਣੇ ਕੱਢੇ ਹੋਏ ਹਨ, ਜੋ ਮਾਤਾਵਾਂ-ਭੈਣਾਂ ਦੀਆਂ ਸੰਭਾਲੀਆਂ ਹੋਈਆਂ ਯਾਦਾਂ ਹਨ। ਜਦੋਂ ਲੜਕੇ ਦੇ ਪਿਤਾ ਸੁੰਦਰ ਸਿੰਘ ਬੱਟੀ ਨੂੰ ਪੁੱਛਿਆ ਗਿਆ ਕਿ ਉਹ ਕਿਹੜਾ ਸਮਾਂ ਵਧੀਆ ਮੰਨਦੇ ਹਨ ਤਾਂ ਉਨ੍ਹਾਂ ਜਵਾਬ ਦਿੱਤਾ ਅੱਜ ਦਾ ਸਮਾਂ ਬਹੁਤ ਵਧੀਆ ਹੈ, ਜਿਹੜਾ ਅਸੀਂ ਪੁਰਾਤਨ ਮਾਹੌਲ ਲਾ ਰਹੇ ਹਾਂ। ਪੁਰਾਤਨ ਸਮਾਂ ਬਹੁਤ ਚੰਗਾ ਸੀ, ਜਦੋਂ ਅਸੀਂ ਇੱਕ-ਦੂਜੇ ਕੋਲ ਬੈਠ ਕੇ ਦੁੱਖ-ਸੁੱਖ ਸੁਣਦੇ ਸਾਂ, ਪਿਛਲੇ ਦਿਨਾਂ ਦੀਆਂ ਅਤੇ ਪਾਕਿਸਤਾਨ ਦੀਆਂ ਗੱਲਾਂ ਯਾਦ ਕਰਦੇ ਸਾਂ। ਉਦੋਂ ਮਹੀਨਾ-ਮਹੀਨਾ ਪਹਿਲਾਂ ਪ੍ਰੋਗਰਾਮ ਬਣ ਜਾਂਦਾ ਸੀ ਕਿ ਫਲਾਣੇ ਵਿਆਹ ’ਤੇ ਇਕੱਠੇ ਹੋਵਾਂਗੇ। ਇਹ ਵਿਆਹ ਦਰਸਾਉਂਦਾ ਹੈ ਕਿ ਅੱਜ ਵੀ ਪੰਜਾਬੀ ਲੋਕ ਆਪਣੇ ਸੱਭਿਆਚਾਰਕ ਮੂਲਾਂ ਨੂੰ ਕਿੰਨਾ ਸਤਿਕਾਰ ਦਿੰਦੇ ਹਨ, ਅਤੇ ਕਿਵੇਂ ਉਹ ਆਪਣੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਦਿਲੋਂ ਯਤਨ ਕਰਦੇ ਹਨ। ਜਿਕਰਯੋਗ ਇਹ ਵੀ ਹੈ ਕਿ ਵਿਆਹ ਵਾਲੇ ਮੁੰਡੇ ਅਤੇ ਉਸਦੇ ਪਿਤਾ ਦੇ ਵਿਆਹ ਮੌਕੇ ਇੱਕੋ ਫੋਟੋਗ੍ਰਾਫਰ, ਪਿਓ-ਪੁੱਤ ਦੇ ਵਿਆਹ ਤੇ ਟੈਂਟ ਵਾਲਾ ਭਾਈ ਵੀ ਉਹੀ ਸੀ ਅਤੇ ਇੱਕ ਹੀ ਹਲਵਾਈ ਨੇ ਪਿਓ ਪੁੱਤਰ ਦੇ ਵਿਆਹ ਤੇ ਸੇਵਾਵਾਂ ਨਿਭਾਈਆਂ।