ਗਣਤੰਤਰ ਦਿਵਸ ’ਤੇ ਰਾਸ਼ਟਰੀ ਝੰਡੇ ਸੱਖਣਾ ਰਿਹਾ ਪੋਲ
ਗਣਤੰਤਰ ਦਿਵਸ ਵਾਲੇ ਦਿਨ ਵੀ ਖਾਲੀ ਪਿਆ ਰਿਹਾ ਰਾਸ਼ਟਰੀ ਝੰਡੇ ਵਾਲਾ ਪੋਲ
Publish Date: Tue, 27 Jan 2026 05:07 PM (IST)
Updated Date: Tue, 27 Jan 2026 05:10 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਜਿੱਥੇ ਇੱਕ ਪਾਸੇ ਦੇਸ਼ ਭਰ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ ਪੂਰੀ ਸ਼ਾਨੋ-ਸ਼ੌਕਤ ਅਤੇ ਦੇਸ਼ਭਗਤੀ ਦੇ ਮਾਹੌਲ ਵਿੱਚ ਮਨਾਇਆ ਗਿਆ, ਓਥੇ ਹੀ ਦੂਜੇ ਪਾਸੇ ਗੁਰੂਹਰਸਹਾਏ ਸਹਿਰ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਇੱਕ ਵੱਡੇ ਸਵਾਲ ਚਿੰਨ੍ਹ ਵਜੋਂ ਸਾਹਮਣੇ ਆਈ। ਸ਼ਹਿਰ ਦੀ ਪਹਿਚਾਣ ਬਣ ਚੁੱਕੇ ਰੇਲਵੇ ਪਾਰਕ ਵਿੱਚ ਲੱਗਾ 100 ਫੁੱਟ ਉੱਚਾ ਰਾਸ਼ਟਰੀ ਝੰਡੇ ਦਾ ਪੋਲ ਕਈ ਦਿਨਾਂ ਤੋਂ ਬਿਨਾਂ ਤਿਰੰਗੇ ਦੇ ਖਾਲੀ ਪਿਆ ਹੋਇਆ ਹੈ, ਜੋ ਕਿ ਨਾ ਸਿਰਫ਼ ਪ੍ਰਸ਼ਾਸਨ ਲਈ ਸ਼ਰਮਨਾਕ ਹੈ ਸਗੋਂ ਦੇਸ਼ ਦੀ ਆਨ-ਬਾਨ-ਸ਼ਾਨ ਨਾਲ ਵੀ ਜੁੜਿਆ ਮਾਮਲਾ ਹੈ। ਗਣਤੰਤਰ ਦਿਵਸ ਵਰਗੇ ਪਵਿੱਤਰ ਰਾਸ਼ਟਰੀ ਤਿਉਹਾਰ ਦੇ ਦਿਨ ਵੀ ਇਸ ਪੋਲ ਉੱਪਰ ਰਾਸ਼ਟਰੀ ਤਿਰੰਗਾ ਨਹੀਂ ਲਹਿਰਾਇਆ ਗਿਆ, ਜਿਸ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਤਿਰੰਗਾ ਲਹਿਰਾ ਰਿਹਾ ਸੀ, ਉਸ ਸਮੇਂ ਗੁਰੂਹਰਸਹਾਏ ਦੇ ਰੇਲਵੇ ਪਾਰਕ ਵਿੱਚ ਸਿਰਫ਼ ਖਾਲੀ ਪੋਲ ਦਾ ਨਜ਼ਾਰਾ ਮਿਲਣਾ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਇਹ 100 ਫੁੱਟ ਉੱਚਾ ਪੋਲ ਅਤੇ ਰਾਸ਼ਟਰੀ ਝੰਡਾ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸ਼ਹਿਰ ਦੀ ਸ਼ਾਨ ਵਧਾਉਣ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਲਗਵਾਇਆ ਗਿਆ ਸੀ। ਪਰ ਅੱਜ ਉਹੀ ਪੋਲ ਬਿਨਾਂ ਝੰਡੇ ਦੇ ਖਾਲੀ ਪਿਆ ਹੋਇਆ ਹੈ, ਜੋ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਸਾਫ਼ ਦਰਸਾਉਂਦਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਇਹ ਪੋਲ ਰਾਸ਼ਟਰੀ ਝੰਡੇ ਤੋਂ ਖਾਲੀ ਹੈ ਪਰ ਨਾ ਤਾਂ ਕਿਸੇ ਅਧਿਕਾਰੀ ਨੇ ਇਸ ਵੱਲ ਧਿਆਨ ਦਿੱਤਾ ਅਤੇ ਨਾ ਹੀ ਕੋਈ ਜ਼ਿੰਮੇਵਾਰ ਅੱਗੇ ਆਇਆ। ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ‘ਤੇ ਮੂਕ ਦਰਸ਼ਕ ਬਣੇ ਹੋਏ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਹੈ।ਸਵਾਲ ਇਹ ਉੱਠਦਾ ਹੈ ਕਿ ਆਖ਼ਰ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਕੀ ਨਗਰ ਕੌਂਸਲ, ਜ਼ਿਲ੍ਹਾ ਪ੍ਰਸ਼ਾਸਨ ਜਾਂ ਹੋਰ ਸਬੰਧਤ ਵਿਭਾਗ ਇਸ ਮਾਮਲੇ ਤੋਂ ਬੇਖ਼ਬਰ ਹਨ? ਲੋਕਾਂ ਦੀ ਮੰਗ ਹੈ ਕਿ ਤੁਰੰਤ ਤੌਰ ’ਤੇ ਪੋਲ ਉੱਪਰ ਰਾਸ਼ਟਰੀ ਤਿਰੰਗਾ ਲਹਿਰਾਇਆ ਜਾਵੇ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀ ਸ਼ਰਮਨਾਕ ਸਥਿਤੀ ਦੁਬਾਰਾ ਪੈਦਾ ਨਾ ਹੋਵੇ।