ਸ਼ਖ਼ਸੀਅਤ ਦੇ ਨਿਖਾਰ ’ਚ ਅਹਿਮ ਰੋਲ ਅਦਾ ਕਰਦੀਆਂ ਖੇਡਾਂ : ਧਰਮਵੀਰ ਸਿੰਘ
ਪਹਿਲਾ ‘ਬਲਦੇਵ ਸਿੰਘ ਸੰਧੂ ਯਾਦਗਾਰੀ ਬਾਸਕਿਟਬਾਲ ਟੂਰਨਾਮੈਂਟ’ ਸ਼ਾਨਦਾਰ ਢੰਗ ਨਾਲ ਸਮਾਪਤ
Publish Date: Sat, 31 Jan 2026 05:24 PM (IST)
Updated Date: Sat, 31 Jan 2026 05:25 PM (IST)

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿੱਚ ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਪਹਿਲਾ ‘ਬਲਦੇਵ ਸਿੰਘ ਸੰਧੂ ਯਾਦਗਾਰੀ ਓਪਨ ਬਾਸਕਿਟਬਾਲ ਟੂਰਨਾਮੈਂਟ’ ਸ਼ੁੱਕਰਵਾਰ ਦੇਰ ਸ਼ਾਮ ਜੋਸ਼ੋ ਖਰੋਸ਼ ਨਾਲ ਸੰਪੰਨ ਹੋ ਗਿਆ। ਦੋ ਦਿਨਾਂ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਮੁੰਡਿਆਂ ਅਤੇ ਕੁੜੀਆਂ ਦੀਆਂ 8-8 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਦੇ ਰੋਮਾਂਚਕ ਮੁਕਾਬਲੇ ਵੇਖਣ ਨੂੰ ਮਿਲੇ। ਟੂਰਨਾਮੈਂਟ ਦਾ ਉਦਘਾਟਨ ਡੀਐੱਸਪੀ ਧਰਮਕੋਟ ਜਸਵਰਿੰਦਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ, ਜਦਕਿ ਸਮਾਪਤੀ ਸਮਾਗਮ ਵਿੱਚ ਓਲੰਪੀਅਨ ਧਰਮਵੀਰ ਸਿੰਘ ਐੱਸਪੀ (ਐੱਚ) ਫਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਉਲੰਪਿਅਨ ਧਰਮਵੀਰ ਸਿੰਘ ਐਸਪੀ ਐਚ ਨੇ ਆਖਿਆ ਕਿ ਖੇਡਾਂ ਨੌਜਵਾਨਾਂ ਦੀ ਸ਼ਖਸਿਅਤ ਦੇ ਨਿਖਾਰ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਦੇ ਸਕੱਤਰ ਅਮਰੀਕ ਸਿੰਘ ਸਿੱਧੂ ਅਤੇ ਸੁਖਬੀਰ ਸਿੰਘ ਸੰਧੂ (ਐਨਆਰਆਈ) ਨੇ ਦੱਸਿਆ ਕਿ ਮੁੰਡਿਆਂ ਦੇ ਫਾਈਨਲ ਮੈਚ ਵਿੱਚ ਸ਼ਹੀਦ ਸੁਖਦੇਵ ਕਲੱਬ ਫਿਰੋਜ਼ਪੁਰ ਨੇ ਸ਼ਹੀਦ ਭਗਤ ਸਿੰਘ ਕਲੱਬ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪਟਿਆਲਾ ਕਲੱਬ ਪਟਿਆਲਾ ਤੀਜੇ ਸਥਾਨ ’ਤੇ ਰਿਹਾ। ਉੱਧਰ ਕੁੜੀਆਂ ਦੇ ਫਸਵੇਂ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਕਲੱਬ ਪਟਿਆਲਾ ਨੇ ਦਸ਼ਮੇਸ਼ ਕਲੱਬ ਮਲੋਟ ਨੂੰ ਹਰਾ ਕੇ ਕੱਪ ਆਪਣੇ ਨਾਮ ਕੀਤਾ, ਜਦਕਿ ਦਸ਼ਮੇਸ਼ ਕਲੱਬ ਦੂਜੇ ਅਤੇ ਬਾਬਾ ਫ਼ਰੀਦ ਕਲੱਬ ਕੋਟਕਪੂਰਾ ਤੀਜੇ ਸਥਾਨ ’ਤੇ ਰਹੀ। ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਬਲਦੇਵ ਸਿੰਘ ਸੰਧੂ ਨੂੰ ਖੇਡਾਂ, ਖਾਸ ਕਰ ਬਾਸਕਿਟਬਾਲ ਨਾਲ ਬੇਹੱਦ ਲਗਾਵ ਸੀ। ਉਨ੍ਹਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਹੈ ਜੋ ਹੁਣ ਹਰ ਸਾਲ ਨਿਰੰਤਰ ਕਰਵਾਇਆ ਜਾਵੇਗਾ। ਇਸ ਮੌਕੇ ਪਰਿਵਾਰਕ ਮੈਂਬਰਾਂ ਸਮੇਤ ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਦੇ ਅਧਿਕਾਰੀ, ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਰਹੇ।