ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟੀ
ਜਲਾਲਾਬਾਦ ਵਿੱਚ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟੀ
Publish Date: Sat, 24 Jan 2026 06:01 PM (IST)
Updated Date: Sat, 24 Jan 2026 06:04 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਅੱਜ ਸਵੇਰੇ ਇੱਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਕਾਰ ਡਰਾਈਵਰ ਜਲਾਲਾਬਾਦ ਰਾਹੀਂ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ ਕਿ ਜਲਾਲਾਬਾਦ-ਸ੍ਰੀ ਮੁਕਤਸਰ ਸਾਹਿਬ ਰੋਡ ਤੇ ਉਸ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਖੁਸ਼ਕਿਸਮਤੀ ਰਹੀ ਕਿ ਡਰਾਈਵਰ ਦੀ ਜਾਨ ਵਾਲ-ਵਾਲ ਬਚ ਗਈ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਪਿੰਡ ਤੰਬੂਵਾਲਾ ਦਾ ਰਹਿਣ ਵਾਲਾ ਇੱਕ ਨੌਜਵਾਨ ਕਾਰ ਰਾਹੀਂ ਆਪਣੇ ਪਰਿਵਾਰਕ ਮੈਂਬਰ ਨੂੰ ਪਿੰਡ ਸੁਆਹ ਵਾਲਾ ਛੱਡ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਜਦੋਂ ਉਸ ਦੀ ਕਾਰ ਜਲਾਲਾਬਾਦ-ਸ੍ਰੀ ਮੁਕਤਸਰ ਸਾਹਿਬ ਰੋਡ ਤੇ ਸਥਿਤ ਬੀ.ਐਸ.ਐਫ. ਸੈਕਟਰ ਦੇ ਨੇੜੇ ਪਹੁੰਚੀ, ਤਾਂ ਅਚਾਨਕ ਮੋੜ ਤੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ।ਇਸ ਹਾਦਸੇ ਦੌਰਾਨ ਕਾਰ ਪਲਟੀਆਂ ਖਾਂਦੀ ਹੋਈ ਬੀ.ਐਸ.ਐਫ. ਦੀ ਬਾਊਂਡਰੀ ਨਾਲ ਜਾ ਟਕਰਾਈ। ਗਨੀਮਤ ਰਹੀ ਕਿ ਏਅਰਬੈਗ ਖੁੱਲ੍ਹਣ ਕਾਰਨ ਡਰਾਈਵਰ ਦੀ ਜਾਨ ਬਚ ਗਈ। ਮੌਕੇ ਤੇ ਪਹੁੰਚੇ ਰਮੇਸ਼ ਕੁਮਾਰ ਅਤੇ ਹੋਰ ਲੋਕਾਂ ਨੇ ਅਪੀਲ ਕੀਤੀ ਕਿ ਕਾਰ ਚਲਾਉਂਦੇ ਸਮੇਂ ਰਫ਼ਤਾਰ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰ ਨਾ ਸਿਰਫ਼ ਡਰਾਈਵਰ ਲਈ, ਸਗੋਂ ਕਿਸੇ ਲਈ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ।