ਅਬੋਹਰ ਬਾਈਪਾਸ 'ਤੇ ਭਿਆਨਕ ਹਾਦਸਾ: ਖੜ੍ਹੇ ਟਰੱਕ ਨਾਲ ਟਕਰਾਈ ਪਿਕਅੱਪ, ਡਰਾਈਵਰ ਦੀ ਮੌਕੇ 'ਤੇ ਹੀ ਦਰਦਨਾਕ ਮੌਤ
ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਡਰਾਈਵਰ ਅਮਿਤ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਸਥਾਨਕ ਲੋਕਾਂ ਵੱਲੋਂ ਤੁਰੰਤ 112 ਹੈਲਪਲਾਈਨ ਨੂੰ ਸੂਚਨਾ ਦਿੱਤੀ ਗਈ।
Publish Date: Thu, 21 May 2026 01:54 PM (IST)
Updated Date: Thu, 21 May 2026 01:59 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਾਜ਼ਿਲਕਾ : ਅਬੋਹਰ ਦੇ ਆਲਮਗੜ੍ਹ-ਕੰਧਵਾਲਾ ਰੋਡ ਬਾਈਪਾਸ 'ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਪਿਕਅੱਪ ਡਰਾਈਵਰ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਉਰਫ਼ ਕਾਲੀ ਵਾਸੀ ਸ਼੍ਰੀ ਗੰਗਾਨਗਰ ਵਜੋਂ ਹੋਈ ਹੈ, ਜੋ ਕਿ ਪਿਕਅੱਪ ਗੱਡੀ ਚਲਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕਰੀਬ 40 ਸਾਲਾ ਅਮਿਤ ਕੁਮਾਰ ਮਲੋਟ ਤੋਂ ਪਿਕਅੱਪ ਟਰੱਕ ਲੈ ਕੇ ਆ ਰਿਹਾ ਸੀ। ਜਦੋਂ ਉਹ ਅਬੋਹਰ ਦੇ ਆਲਮਗੜ੍ਹ ਬਾਈਪਾਸ ਚੌਰਾਹੇ ਨੇੜੇ ਪਹੁੰਚਿਆ ਤਾਂ ਉਸਦੀ ਗੱਡੀ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਡਰਾਈਵਰ ਅਮਿਤ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਸਥਾਨਕ ਲੋਕਾਂ ਵੱਲੋਂ ਤੁਰੰਤ 112 ਹੈਲਪਲਾਈਨ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ 112 ਹੈਲਪਲਾਈਨ ਅਤੇ ਥਾਣਾ ਨੰਬਰ 2 ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪਿਕਅੱਪ ਵਿਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਫਲ ਵਪਾਰੀ ਵੀ ਮੌਕੇ 'ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਿੱਛੇ ਇੱਕ ਧੀ ਛੱਡ ਗਿਆ ਹੈ।