ਜੈਨ ਵਿੱਦਿਆ ਮੰਦਰ ਵਿਖੇ 12ਵੀਂ ਦੇ ਬੱਚਿਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਅੱਖਾਂ ਵਿਚ ਹੰਜੂ, ਦਿਲਾਂ ਵਿਚ ਸੁਪਨੇ, ਜੈਨ ਵਿੱਦਿਆ ਮੰਦਰ ਵਿਖੇ ਗਿਆਰਵੀਂ ਅਤੇ ਬਾਰਵੀਂ ਕਲਾਸ ਵਿਦਾਇਗੀ ਸਮਾਰੋਹ
Publish Date: Mon, 02 Feb 2026 04:27 PM (IST)
Updated Date: Mon, 02 Feb 2026 04:28 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ: ਸ਼੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਜ਼ੀਰਾ ਵਿਚ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ ਵਿਦਾਈ ਸਮਾਰੋਹ ਇਕ ਅਜਿਹਾ ਯਾਦਗਾਰਪਲ ਬਣ ਗਿਆ,ਜਿੱਥੇ ਖੁਸ਼ੀਆਂ ਦੀ ਚਮਕ ਨਾਲ ਅੱਖਾਂ ਵਿਚ ਹੰਜੂ ਵੀ ਨਜ਼ਰ ਆਏ। ਇਸ ਦੌਰਾਨ ਸਕੂਲ ਦੇ ਮੈਨੇਜਰ ਹਰੀਸ਼ ਜੈਨ, ਐਕਟਿਵ ਮੈਨੇਜਰ ਅਰਚਨਾ ਜੈਨ, ਪ੍ਰਿੰਸੀਪਲ ਕਿਰਨ ਅਗਰਵਾਲ ਅਤੇ ਪ੍ਰਿੰਸੀਪਲ ਡਾ. ਸ਼ਾਲੂ ਸੂਦ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੈਨੇਜਰ ਹਰੀਸ਼ ਜੈਨ ਗੋਗਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਦੀ ਹਰ ਕਾਮਯਾਬੀ ਦੀ ਨੀਂਹ ਮਿਹਨਤ ਅਨੁਸ਼ਾਸਨ ਅਤੇ ਸੱਚਾਈ ਤੇ ਟਿਕੀ ਹੁੰਦੀ ਹੈ। ਅੱਜ ਤੁਸੀਂ ਇੱਕ ਅਧਿਆਏ ਬੰਦ ਕਰਕੇ ਨਵਾਂ ਅਧਿਆਇ ਸ਼ੁਰੂ ਕਰ ਰਹੇ ਹੋ। ਉਨ੍ਹਾਂ ਨੇ ਬੱਚਿਆਂ ਨੂੰ ਆਤਮ ਵਿਸ਼ਵਾਸ ਅਤੇ ਸਮਾਜ ਲਈ ਕੁਝ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਕਿਰਨ ਅਗਰਵਾਲ ਅਤੇ ਡਾ. ਸ਼ਾਲੂ ਸੂਦ ਨੇ ਵਿਦਿਆਰਥੀਆਂ ਨੂੰ ਹੌਸਲੇ ਆਤਮ ਵਿਸ਼ਵਾਸ ਅਤੇ ਲਗਨ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ ।ਉਨ੍ਹਾਂ ਕਿਹਾ ਕਿ ਸਕੂਲ ਨੇ ਤੁਹਾਨੂੰ ਸਿਰਫ ਪਾਠ ਨਹੀਂ ਸਗੋਂ ਜੀਵਨ ਜਿਉਣ ਦੀ ਕਲਾ ਸਿਖਾਈ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਨੇ ਦਰਸ਼ਕਾਂ ਨੂੰ ਮੋਹ ਲਿਆ । ਨਾਚ, ਗੀਤ ਅਤੇ ਨਾਟਕਾਂ ਵਿੱਚ ਵਿਦਿਆਰਥੀਆਂ ਦਾ ਸਕੂਲ ਪ੍ਰਤੀ ਪਿਆਰ ਅਧਿਆਪਕਾਂ ਲਈ ਸਤਿਕਾਰ ਅਤੇ ਦੋਸਤਾਂ ਨਾਲ ਜੁੜੀਆਂ ਮਿੱਠੀਆਂ ਯਾਦਾਂ ਦੀ ਝਲਕ ਸਾਫ ਦਿਸ ਰਹੀ ਸੀ। ਸਮਾਰੋਹ ਦੇ ਅੰਤ ਵਿੱਚ ਸਭ ਦੀਆਂ ਅੱਖਾਂ ਭਰ ਆਈਆਂ ਪਰ ਦਿਲਾਂ ਵਿਚ ਭਰੋਸਾ ਸੀ ਕਿ ਇਹ ਅਲਵਿਦਾ ਨਹੀਂ ਬਲਕਿ ਇਕ ਨਵੀਂ ਸ਼ੁਰੂਆਤ ਹੈ।ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਭਰੇ ਮਨ ਨਾਲ ਵਿਦਾਈ ਲਈ। ਇਹ ਵਿਦਾਈ ਸਮਾਰੋਹ ਹਰ ਵਿਦਿਆਰਥੀ ਦੇ ਦਿਲ ਵਿਚ ਸਦਾ ਲਈ ਵੱਸ ਜਾਣ ਵਾਲੀ ਯਾਦ ਬਣ ਕੇ ਰਹੇਗਾ।