ਹਿੰਦ ਪਾਕਿ ਕੌਮਾਂਤਰੀ ਸਰਹੱਦ ’ਤੇ ਵੱਸਦੇ ਪਿੰਡਾਂ ਵਿੱਚ ਬੀਤੇ ਕਈ ਸਾਲਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਵਿੱਚੋਂ ਮੰਦ ਬੁੱਧੀ ਬੱਚੇ ਕਾਫੀ ਪੈਦਾ ਹੋ ਰਹੇ ਹਨ। ਇਸ ਤੋਂ ਇਲਾਵਾ ਛੋਟੀ ਉਮਰੇ ਵਾਲ ਚਿੱਟੇ ਹੋਣੇ, ਕੈਂਸਰ ਅਤੇ ਚਮੜੀ ਰੋਗ ਤਾਂ ਸਰਹੱਦੀ ਦਰਿਆਈ ਪਿੰਡਾਂ ਵਿੱਚ ਆਮ ਜਿਹੀ ਗੱਲ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦਰਿਆ ਸਤਲੁਜ ਦੇ ਲਗਾਤਾਰ ਜ਼ਹਿਰੀ ਹੋ ਰਹੇ ਪਾਣੀ ਲਈ ਭਾਰਤੀ ਮੀਡੀਆ ਭਾਵੇਂ ਹਰ ਵਾਰ ਉਂਗਲ ਪਾਕਿਸਤਾਨ ਦੇ ਕਸੂਰ ਸ਼ਹਿਰ ਵੱਲ ਚੁੱਕਦਾ ਆ ਰਿਹਾ ਹੈ, ਜਿੱਥੇ ਚਮੜਾ ਉਦਯੋਗ ਦੀਆਂ ਟੈਨਰੀਜ਼ ਤੋਂ ਨਿਕਲਦਾ ਕਾਲਾ ਪਾਣੀ ਸਤਲੁਜ ’ਚ ਸੁੱਟਿਆ ਜਾਂਦਾ ਹੈ ਪਰ ਹਕੀਕਤ ਇਹ ਹੈ ਕਿ ਪੰਜਾਬ ਦਾ ਆਪਣਾ ‘ਬੁੱਢਾ ਨਾਲਾ’ ਅਤੇ ਜਲੰਧਰ ਦਾ ਚਮੜਾ ਉਦਯੋਗ ਵੀ ਇਸ ਅਪਰਾਧ ਲਈ ਬਰਾਬਰ ਦੇ ਦੋਸ਼ੀ ਹਨ। ਲੁਧਿਆਣਾ ਦੇ ਉਦਯੋਗਿਕ ਇਲਾਕਿਆਂ ਤੋਂ ਨਿਕਲਦਾ ਕੈਮੀਕਲਾਂ ਨਾਲ ਭਰਿਆ ਕਾਲਾ ਪਾਣੀ ਬੁੱਢੇ ਨਾਲੇ ਰਾਹੀਂ ਸਤਲੁਜ ’ਚ ਡਿੱਗਦਾ ਹੈ ਅਤੇ ਫਿਰ ਇਹ ਜ਼ਹਿਰ ਹਰੀ ਕੇ ਤੋਂ ਫਿਰੋਜ਼ਪੁਰ ਅਤੇ ਫਜ਼ਿਲਕਾ ਦੇ ਸਰਹੱਦੀ ਪਿੰਡਾਂ ਤੋਂ ਇਲਾਵਾ ਰਾਜਸਥਾਨ ਫੀਡਰ ਜਰੀਏ ਰਾਜਸਥਾਨ ਨੂੰ ਵੀ ਜਾਂਦਾ ਹੈ।
ਹਾਲਾਤ ਇੰਨੇ ਭਿਆਨਕ ਹੋ ਚੁੱਕੇ ਹਨ ਕਿ ਕਈ ਥਾਵਾਂ ’ਤੇ ਸਤਲੁਜ ਦਾ ਕਾਲੇ ਰੰਗ ਦਾ ਪਾਣੀ ਬਦਬੂ ਵੀ ਮਾਰਦਾ ਹੈ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਂਡੀ ਵਾਲਾ, ਗੱਟੀ ਰਾਜੋ ਕੀ ਆਦਿ ਵਿਖੇ ਹਰ ਸਾਲ ਹਜ਼ਾਰਾਂ ਮੱਛੀਆਂ ਮਰ ਰਹੀਆਂ ਹਨ। ਕਈ ਪਿੰਡਾਂ ਵਿੱਚ ਲੋਕ ਕੈਂਸਰ, ਚਮੜੀ ਰੋਗ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਕਿਸਾਨਾਂ ਦੀ ਜ਼ਮੀਨ ਤੱਕ ਇਸ ਜ਼ਹਿਰੀਲੇ ਪਾਣੀ ਨਾਲ ਬਰਬਾਦ ਹੋ ਰਹੀ ਹੈ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਮਹਿਜ਼ ਟੂਅਰ ਪ੍ਰੋਗਰਾਮ ਬਣਾ ਕੇ ਅਖ਼ਬਾਰਾ ਵਿੱਚ ਵੱਡੇ ਵਾਅਦੇ ਕਰਨ ਤੱਕ ਸੀਮਤ ਹਨ। ਹਰੀ ਕੇ ਵੈਟ ਲੈਂਡ ਅਤੇ ਪੰਛੀ ਰੱਖ ’ਤੇ ਹੁੰਦੇ ਦਰਿਆ ਬਿਆਸ ਅਤੇ ਸਤਲੁਜ ਦੇ ਸੰਗਮ ’ਤੇ ਇਹ ਤਬਾਹੀ ਖੁੱਲ੍ਹੀ ਅੱਖ ਨਾਲ ਵੇਖੀ ਜਾ ਸਕਦੀ ਹੈ। ਇੱਕ ਪਾਸੇ ਬਿਆਸ ਦਾ ਸਾਫ਼ ਪਾਣੀ ਅਤੇ ਦੂਜੇ ਪਾਸੇ ਸਤਲੁਜ ਦਾ ਕਾਲਾ ਜ਼ਹਿਰਿਲਾ ਪਾਣੀ ਵੱਡਾ ਫਰਕ ਪੇਸ਼ ਕਰਦੇ ਹਨ। ਦੋਵੇਂ ਦਰਿਆ ਜਿਵੇਂ ਪੰਜਾਬ ਦੇ ਭਵਿੱਖ ਦੀ ਤਸਵੀਰ ਪੇਸ਼ ਕਰ ਰਹੇ ਹੋਣ।
ਬਿਆਸ ਅਜੇ ਵੀ ਕੁਝ ਹੱਦ ਤੱਕ ਸਾਫ ਹੈ, ਜਦਕਿ ਸਤਲੁਜ ਨੂੰ ਇੰਡਸਟਰੀ ਅਤੇ ਲਾਪਰਵਾਹ ਸਰਕਾਰਾਂ ਨੇ ਬੂਰੀ ਤਰਾਂ ਖਤਮ ਕਰ ਦਿੱਤਾ ਹੈ। ਹੁਣ ਇਥੇ ਸਵਾਲ ਇਹ ਹੈ ਕਿ ਜੇ ਪਾਕਿਸਤਾਨ ਦੇ ਕਸੂਰ ਦੀਆਂ ਟੈਨਰੀਜ਼ ਦੋਸ਼ੀ ਹਨ ਤਾਂ ਕੀ ਲੁਧਿਆਣਾ ਤੇ ਜਲੰਧਰ ਦੀਆਂ ਫੈਕਟਰੀਆਂ ਬੇਕਸੂਰ ਹਨ? ਸਤਲੁਜ ਨੂੰ ਜ਼ਹਿਰੀਲਾ ਕੈਮੀਕਲ ਬਨਾਉਣ ਵਾਲਿਆਂ ਵਿੱਚ ਸਰਹੱਦ ਪਾਰ ਵਾਲੇ ਦੋਸ਼ੀ ਹਨ ਤਾਂ ਆਪਣੇ ਘਰ ਦੇ ਉਦਯੋਗਿਕ ਦੈਂਤ ਵੀ ਬਰਾਬਰ ਦੇ ਦੋਸ਼ੀ ਹਨ । ਜਦੋਂ ਤੱਕ ਬੁੱਢੇ ਨਾਲੇ ਦਾ ਜ਼ਹਿਰ ਬੰਦ ਨਹੀਂ ਹੁੰਦਾ, ਉਦੋਂ ਤੱਕ ਸਤਲੁਜ ਦੀ ਮੌਤ ਦਾ ‘ਕਸੂਰ’ ਸਿਰਫ਼ ਪਾਕਿਸਤਾਨ ‘ਤੇ ਮੜ੍ਹਨਾ ਆਉਣ ਵਾਲੀ ਤਬਾਹੀ ਤੋਂ ਅੱਖਾਂ ਮੀਚਣ ਵਾਲੀ ਗੱਲ ਹੋਵੇਗੀ।
ਸਾਫ ਪਾਣੀ ਦੀ ਤਲਾਸ਼ ’ਚ ਬਿਆਸ ‘ਅੱਪ ਸਟ੍ਰੀਮ’ ਵੱਲ ਗਈਆਂ ਡਾਲਫਿਨ!
ਸਭ ਤੋਂ ਵੱਡਾ ਖਤਰਾ ਹੁਣ ਹਰੀ ਕੇ ਵੈਟ ਲੈਂਡ ਨੂੰ ਹੈ, ਜੋ ਦੇਸ਼ ਦੇ ਮਹੱਤਵਪੂਰਨ ਜਲ ਜੀਵ ਅਸਥਾਨਾਂ ’ਚੋਂ ਇਕ ਮੰਨਿਆ ਜਾਂਦਾ ਹੈ। ਇੱਥੇ ਰਹਿਣ ਵਾਲੇ ਜਲ ਜੀਵ, ਪੰਛੀ ਅਤੇ ਦੁਰਲੱਭ ਡਾਲਫਿਨ ਤੱਕ ਇਸ ਜ਼ਹਿਰ ਨਾਲ ਪ੍ਰਭਾਵਿਤ ਹੋ ਰਹੇ ਹਨ। ਮਾਹਿਰਾਂ ਮੁਤਾਬਕ ਸਤਲੁਜ ਦੇ ਗੰਦੇ ਪਾਣੀ ਕਾਰਨ ਡਾਲਫਿਨ ਹੁਣ ਹਰੀ ਕੇ ਸੰਗਮ ਤੋਂ ਸਤਲੁਜ ਛੱਡ ਕੇ ਬਿਆਸ ਦੇ ਅਪਸਟ੍ਰੀਮ ਵੱਲ ਜਾਣ ਲੱਗੀਆਂ ਹਨ।
ਮੰਦਬੁੱਧੀ ਪੈਦਾ ਹੋ ਰਹੇ ਹਨ ਬੱਚੇ
ਹਿੰਦ ਪਾਕਿ ਕੌਮਾਂਤਰੀ ਸਰਹੱਦ ’ਤੇ ਵੱਸਦੇ ਪਿੰਡਾਂ ਵਿੱਚ ਬੀਤੇ ਕਈ ਸਾਲਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਵਿੱਚੋਂ ਮੰਦ ਬੁੱਧੀ ਬੱਚੇ ਕਾਫੀ ਪੈਦਾ ਹੋ ਰਹੇ ਹਨ। ਇਸ ਤੋਂ ਇਲਾਵਾ ਛੋਟੀ ਉਮਰੇ ਵਾਲ ਚਿੱਟੇ ਹੋਣੇ, ਕੈਂਸਰ ਅਤੇ ਚਮੜੀ ਰੋਗ ਤਾਂ ਸਰਹੱਦੀ ਦਰਿਆਈ ਪਿੰਡਾਂ ਵਿੱਚ ਆਮ ਜਿਹੀ ਗੱਲ ਹੈ।