ਡੀਸੀਐੱਮ ਸਕੂਲ ਦੇ ਵਿਦਿਆਰਥੀਆਂ ਨੇ ਟੈਲੀਸਕੋਪ ਰਾਹੀਂ ਦੇਖਿਆ ‘ਕੋਲਡ ਮੂਨ’
ਡੀਸੀਐੱਮ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਟੈਲੀਸਕੋਪ ਰਾਹੀਂ ਦੇਖਿਆ ‘ਕੋਲਡ ਮੂਨ’
Publish Date: Sat, 06 Dec 2025 05:49 PM (IST)
Updated Date: Sat, 06 Dec 2025 05:51 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਟਾਰ ਗੇਜ਼ਰਜ਼ ਸਕਾਈ ਆਬਜ਼ਰਵੇਟਰੀ ਵਿਚ ਵਿਦਿਆਰਥੀਆਂ ਨੂੰ ‘ਕੋਲਡ ਮੂਨ’ ਦਿਖਾਉਣ ਦੇ ਉਦੇਸ਼ ਨਾਲ ਡੀਸੀਐੱਮ ਇੰਟਰਨੈਸ਼ਨਲ ਸਕੂਲ ਵਿਚ ਇਕ ਵਿਸ਼ੇਸ਼ ‘ਕੋਲਡ ਮੂਨ ਗੇਜ਼ਿੰਗ ਸੈਸ਼ਨ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੇ ਟੈਲੀਸਕੋਪ ਦੀ ਮਦਦ ਨਾਲ ਅਸਮਾਨ ਵਿਚ ਪੂਰਨਮਾਸ਼ੀ ਦੇ ਚੰਦਰਮਾ ਨੂੰ ਦੇਖਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸੂਰਜੀ ਪ੍ਰਣਾਲੀ ਦੇ ਗ੍ਰਹਿਆਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਸਕੂਲ ਵਿਚ ਸਟਾਰ ਗੇਜ਼ਰਜ਼ ਸਕਾਈ ਆਬਜ਼ਰਵੇਟਰੀ ਸਥਾਪਤ ਕੀਤੀ ਗਈ ਹੈ। ਇਸ ਆਬਜ਼ਰਵੇਟਰੀ ਵਿਚ ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਗਲੈਕਸੀ ਵਿਚ ਗ੍ਰਹਿਆਂ, ਤਾਰਿਆਂ, ਚੰਦਰਮਾ ਸਮੇਤ ਹੋਰ ਪੁਲਾੜੀ ਪਿੰਡਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਅਧਿਆਪਕ ਗੌਰਵ ਕਾਲੀਆ ਨੇ ਦੱਸਿਆ ਕਿ ਸਕੂਲ ਵਿਚ ਸਥਾਪਤ ਕੀਤੇ ਗਏ ਟੈਲੀਸਕੋਪ ਦੀ ਗਲੈਕਸੀ ਉੱਤੇ 40 ਟ੍ਰਿਲੀਅਨ ਕਿਲੋਮੀਟਰ ਤੱਕ ਪਕੜ ਹੈ। ਇਸਦੀ ਫੋਕਲ ਲੰਬਾਈ 1250 ਐੱਮਐੱਮ ਅਤੇ ਅਪਰਚਰ 254 ਐੱਮਐੱਮ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਠੰਢ ਦੇ ਮੌਸਮ ਵਿੱਚ ਚੰਦਰਮਾ ਦੀ ਸਥਿਤੀ ਅਤੇ ਉੱਥੋਂ ਦੇ ਮੌਸਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਕ ਸਰਹੱਦੀ ਜ਼ਿਲ੍ਹੇ ਵਿਚ ਅਜਿਹੀ ਸਕਾਈ ਆਬਜ਼ਰਵੇਟਰੀ ਸਥਾਪਤ ਕਰਨਾ ਡੀਸੀਐੱਮ ਗਰੁੱਪ ਦਾ ਇੱਕ ਅਹਿਮ ਕਦਮ ਹੈ। ਇਸ ਰਾਹੀਂ ਵਿਦਿਆਰਥੀਆਂ ਨੂੰ ਸੂਰਜੀ ਪ੍ਰਣਾਲੀ ਅਤੇ ਪੁਲਾੜ ਬਾਰੇ ਡੂੰਘੀ ਜਾਣਕਾਰੀ ਮਿਲੇਗੀ। ਗੌਰਵ ਕਾਲੀਆ ਨੇ ਅੱਗੇ ਕਿਹਾ ਕਿ ਬ੍ਰਹਿਸਪਤੀ ਸੂਰਜੀ ਪ੍ਰਣਾਲੀ ਦਾ ਸਭ ਤੋਂ ਵੱਡਾ ਗ੍ਰਹਿ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਡੀਸੀਐੱਮ ਗਰੁੱਪ ਭਵਿੱਖ ਦੇ ਵਿਗਿਆਨੀ ਤਿਆਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਲੈਕਸੀ ਬਾਰੇ ਜਾਣਕਾਰੀ ਦੇਣ ਲਈ ਇੱਕ ਹਫ਼ਤਾਵਾਰੀ ਪਾਠਕ੍ਰਮ ਤਿਆਰ ਕੀਤਾ ਗਿਆ ਹੈ। ਇਸ ਪਾਠਕ੍ਰਮ ਤਹਿਤ ਤਜਰਬੇਕਾਰ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਸੂਰਜੀ ਪ੍ਰਣਾਲੀ, ਤਾਰਾ ਮੰਡਲ ਅਤੇ ਗ੍ਰਹਿ ਮੰਡਲ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਭਵਿੱਖ ਦੇ ਮਹਾਨ ਵਿਗਿਆਨੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਵਿਦਿਆਰਥੀ ਮੁਸਕਾਨ, ਐਂਜਲ, ਡੌਲਸੀ, ਸਨੋਵਰ, ਪਾਰਸ, ਨਵਜੋਤ ਕੌਰ, ਰੋਹਨਦੀਪ ਅਤੇ ਦੀਆ ਨੇ ਪ੍ਰੋਗਰਾਮ ਅਤੇ ਕੋਲਡ ਮੂਨ ਬਾਰੇ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਡਿਪਟੀ ਪ੍ਰਿੰਸੀਪਲ ਮਧੂ ਚੋਪੜਾ, ਐਕਟੀਵਿਟੀ ਕੋਆਰਡੀਨੇਟਰ ਕਵਿਤਾ ਸ਼ਰਮਾ, ਰੀਟਾ ਚੋਪੜ, ਗੌਰਵ ਕਾਲੀਆ, ਮੋਹਿਤ, ਤਮੰਨਾ, ਵਿਜੇ, ਪ੍ਰਤਾਪ, ਸੌਰਭ ਸਮੇਤ ਹੋਰ ਹਾਜ਼ਰ ਸਨ।