ਵਿੱਤ ਮੰਤਰੀ ਦੀ ਬਦਸਲੂਕੀ ਦੇ ਰੋਸ ’ਚ ਸਪੈਸ਼ਲ ਕਾਡਰ ਅਧਿਆਪਕ ਫਰੰਟ ਨੇ ਫੂਕੇ ਪੁਤਲੇ
ਵਿੱਤ ਮੰਤਰੀ ਪੰਜਾਬ ਵਲੋਂ ਮੀਟਿੰਗ ਵਿਚ ਆਗੂਆਂ ਨੂੰ ਵਰਤੀ ਭੱਦੀ ਸ਼ਬਦਾਵਲੀ ਅਤੇ ਕੀਤੀ ਬਦਸਲੂਕੀ ਦੇ ਰੋਸ ਵਜੋਂ ਫੂਕੇ ਪੁਤਲੇ-
Publish Date: Sat, 15 Nov 2025 05:16 PM (IST)
Updated Date: Sat, 15 Nov 2025 05:17 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਪੈਸ਼ਲ ਕਾਡਰ ਅਧਿਆਪਕ ਫਰੰਟ ਦੇ ਆਗੂਆਂ ਨੇ 10 ਨਵੰਬਰ ਨੂੰ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਦੌਰਾਨ ਭੱਦੀ ਸ਼ਬਦਾਵਲੀ ਅਤੇ ਬਦਸਲੂਕੀ ਦੇ ਵਿਰੋਧ ਵਜੋਂ ਪੰਜਾਬ ਭਰ ਵਿਚ ਪੁਤਲਾ ਫੂਕ ਮੁਜ਼ਾਹਰੇ ਕੀਤੇ। ਇਸੇ ਲੜੀ ਤਹਿਤ ਫਿਰੋਜ਼ਪੁਰ ਦੇ ਜ਼ਿਲ੍ਹਾ ਹੈਡਕੁਆਰਟਰ ’ਤੇ ਵੀ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ।ਫਰੰਟ ਦੇ ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਮੀਟਿੰਗ ਵਿੱਚ ਸ਼ਾਮਲ ਲੇਡੀਜ਼ ਅਧਿਆਪਕਾਂ ਦੀ ਵੀ ਪ੍ਰਵਾਹ ਨਾ ਕਰਦਿਆਂ ਭੈੜਾ ਵਤੀਰਾ ਕੀਤਾ ਅਤੇ ਹੱਕੀ ਮੰਗਾਂ ’ਤੇ ਵਿਚਾਰ ਕਰਨ ਦੀ ਬਜਾਏ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਾਰ-ਵਾਰ ਵਾਅਦੇ ਕਰਕੇ ਮੁੱਕਰ ਰਹੀ ਹੈ। ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਸਿਰਫ਼ ਲਾਰੇ ਹੀ ਮਿਲੇ ਹਨ। ਵਿੱਤ ਮੰਤਰੀ ਵੱਲੋਂ ਅਧਿਆਪਕਾਂ ਨੂੰ ‘ਵਿਹਲੇ’ ਕਹਿਣ ਅਤੇ ਸਮਾਂ ਬਰਬਾਦ ਕਰਨ ਦੇ ਤਾਅਨੇ ਮਾਰਨ ’ਤੇ ਆਗੂਆਂ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਤੋਂ ਚੋਣਾਂ ਸਮੇਂ ਵੋਟਾਂ ਮੰਗੀਆਂ ਗਈਆਂ ਸਨ ਅਤੇ ਹੁਣ ਇਹ ਆਪਣੇ ਹੱਕ ਮੰਗ ਰਹੇ ਹਨ। ਸਟੇਟ ਆਗੂ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਸਰਕਾਰ ਵਾਅਦੇ ਅਨੁਸਾਰ ਪੇਅ ਸਕੇਲ ਦੇ ਕੇ ਰੈਗੂਲਰ ਕਰ ਦੇਵੇ ਤਾਂ ਉਨ੍ਹਾਂ ਨੂੰ ਸੰਘਰਸ਼ ਕਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀਆਂ ਦਾ ਹੰਕਾਰ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਕਰ ਰਿਹਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਪਾਣੀ ਵਾਲੀਆਂ ਟੈਂਕੀਆਂ ’ਤੇ ਵੀ ਸੱਤ-ਸੱਤ ਮਹੀਨੇ ਬਿਤਾਉਣ ਦੇ ਬਾਵਜੂਦ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਮੀਟਿੰਗਾਂ ਦੌਰਾਨ ਅਧਿਕਾਰੀਆਂ ਅਤੇ ਮੰਤਰੀਆਂ ਵੱਲੋਂ ਇੱਕ-ਦੂਜੇ ’ਤੇ ਜ਼ਿੰਮੇਵਾਰੀ ਸੁੱਟਣ ਦੀ ਨੀਤੀ ਦੀ ਵੀ ਸਖ਼ਤ ਆਲੋਚਨਾ ਕੀਤੀ ਗਈ। ਇਸ ਮੌਕੇ ਹੋਰ ਭਰਾਤਰੀ ਜਥੇਬੰਦੀਆਂ ਜਿਵੇਂ ਡੀਟੀਐਫ ਅਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਵੀ ਸਪੈਸ਼ਲ ਕਾਡਰ ਅਧਿਆਪਕ ਫਰੰਟ ਦੀ ਹਮਾਇਤ ਕੀਤੀ। ਇਸ ਸਮੇਂ ਸਟੇਟ ਆਗੂ ਜਗਸੀਰ ਸਿੰਘ ਸੰਧੂ, ਸਟੇਟ ਆਗੂ ਅਸ਼ੋਕ ਕੁਮਾਰ ਹਾਂਡਾ, ਸਟੇਟ ਆਗੂ ਸ਼ੇਰ ਸਿੰਘ, ਮਮਤਾ ਰਾਣੀ, ਧਿਆਨ ਸਿੰਘ, ਬਲਕਾਰ ਸਿੰਘ,ਰਮਨ ਦੁੱਗਲ,ਨਰਿੰਦਰ ਸਿੰਘ, ਲਖਵੀਰ ਸਿੰਘ, ਪਾਲਾ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਜੀਰਾ, ਸਰਬਜੀਤ ਧਾਲੀਵਾਲ, ਜਗਸੀਰ ਉੱਗੋਕੇ ਆਦਿ ਹਾਜ਼ਰ ਸਨ।